ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ’ਚ ਕੋਰੀਆ ਨੇ ਭਾਰਤ ਨੂੰ 2-2 ਨਾਲ ਡਰਾਅ ’ਤੇ ਰੋਕਿਆ

Tuesday, Dec 14, 2021 - 05:30 PM (IST)

ਢਾਕਾ (ਭਾਸ਼ਾ)-ਮੌਜੂਦਾ ਚੈਂਪੀਅਨ ਤੇ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਨੂੰ ਇਥੇ ਏਸ਼ੀਆਈ ਚੈਂਪੀਅਨਜ਼ ਟਰਾਫੀ (ਏ. ਸੀ. ਟੀ.) ਪੁਰਸ਼ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ’ਚ ਕੋਰੀਆ ਨੇ 2-2 ਨਾਲ ਬਰਾਬਰੀ ’ਤੇ ਰੋਕ ਦਿੱਤਾ। ਟੋਕੀਓ ਓਲੰਪਿਕ ’ਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੇ ਭਾਰਤ ਨੇ ਚੌਥੇ ਮਿੰਟ ’ਚ ਲਲਿਤ ਉਪਾਧਿਆਏ ਦੇ ਗੋਲ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ, ਜਦਕਿ ਉਪ ਕਪਤਾਨ ਹਰਮਨਪ੍ਰੀਤ ਨੇ 18ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਭਾਰਤ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਕੋਰੀਆ ਨੇ ਅੱਧੇ ਸਮੇਂ ਤੱਕ 0-2 ਨਾਲ ਪਿਛੜਨ ਮਗਰੋਂ ਵਾਪਸੀ ਕੀਤੀ। ਜੋਂਗਹਿਊਨ ਜੇਂਗ ਨੇ 41ਵੇਂ ਮਿੰਟ ’ਚ ਟੀਮ ਲਈ ਪਹਿਲਾ ਗੋਲ ਕੀਤਾ, ਜਦਕਿ ਸੁੰਗਹਿਊਨ ਕਿਮ ਨੇ 46ਵੇਂ ਮਿੰਟ ’ਚ ਇੱਕ ਹੋਰ ਗੋਲ ਕਰ ਕੇ ਸਕੋਰ 2-2 ਕਰ ਦਿੱਤਾ। ਮੈਚ ਅੱਗੇ ਵਧਣ ਦੇ ਨਾਲ ਹੀ ਕੋਰੀਆ ਦੀ ਟੀਮ ਨੇ ਆਤਮ-ਵਿਸ਼ਵਾਸ ਵਧਾਇਆ ਅਤੇ ਭਾਰਤ ਦੇ ਡਿਫੈਂਸ ਨੂੰ ਦਬਾਅ ’ਚ ਪਾ ਦਿੱਤਾ।

ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪੈਨਲਟੀ ਕਾਰਨਰ ਸਮੇਤ ਕਈ ਮੌਕੇ ਮਿਲੇ ਪਰ ਟੀਮ ਉਨ੍ਹਾਂ ਦਾ ਫਾਇਦਾ ਉਠਾਉਣ ’ਚ ਨਾਕਾਮ ਰਹੀ, ਜਿਸ ਕਾਰਨ ਮੈਚ ਡਰਾਅ ’ਤੇ ਖ਼ਤਮ ਹੋਇਆ। ਕੋਰੀਆ ਦੇ ਗੋਲਕੀਪਰ ਜੇਈਹਿਊਨ ਕਿਮ ਦੋਵਾਂ ਟੀਮਾਂ ਵਿਚਾਲੇ ਦਾ ਅੰਤਰ ਸਾਬਿਤ ਹੋਏ, ਜਿਨ੍ਹਾਂ ਨੇ ਭਾਰਤੀ ਟੀਮ ਦੇ ਕਈ ਹਮਲਿਆਂ ਨੂੰ ਨਾਕਾਮ ਕਰਦੇ ਹੋਏ ਆਪਣੀ ਟੀਮ ਨੂੰ ਇਕ ਅੰਕ ਦਿਵਾਇਆ। ਟੂਰਨਾਮੈਂਟ ਦੇ ਪਿਛਲੇ ਸੀਜ਼ਨ ’ਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਪਿਛਲਾਮੈਚ ਵੀ 1-1 ਨਾਲ ਬਰਾਬਰ ਰਿਹਾ ਸੀ। ਭਾਰਤ ਆਪਣੇ ਅਗਲੇ ਮੈਚ ’ਚ ਬੁੱਧਵਾਰ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਭਿੜੇਗਾ।
 


Manoj

Content Editor

Related News