IPL 2024, Qualifier 1 : ਫਾਈਨਲ ਦੀ ਟਿਕਟ ਕਟਾਉਣ ਉਤਰਨਗੇ ਕੋਲਕਾਤਾ ਤੇ ਹੈਦਰਾਬਾਦ

05/20/2024 7:24:15 PM

ਅਹਿਮਦਾਬਾਦ, (ਭਾਸ਼ਾ)– ਬਿਹਤਰੀਨ ਫਾਰਮ ਵਿਚ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੇ ਪਹਿਲੇ ਕੁਆਲੀਫਾਇਰ ਵਿਚ ਮੰਗਲਵਾਰ ਨੂੰ ‘ਰਨ ਮਸ਼ੀਨ’ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ ਤਾਂ ਦਰਸ਼ਕਾਂ ਨੂੰ ਰੋਮਾਂਚਕ ਕ੍ਰਿਕਟ ਦੀ ਸੌਗਾਤ ਮਿਲਣ ਦੀ ਗਾਰੰਟੀ ਰਹੇਗੀ। ਕੇ. ਕੇ. ਆਰ. ਇਸ ਸਾਲ ਆਈ. ਪੀ. ਐੱਲ. ਪਲੇਅ ਆਫ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਸੀ ਜਦਕਿ ਸਨਰਾਈਜ਼ਰਜ਼ ਨੇ ਆਖਰੀ ਲੀਗ ਮੈਚ ਵਿਚ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਦੂਜਾ ਸਥਨ ਹਾਸਲ ਕੀਤਾ। ਲੀਗ ਗੇੜ ਦੇ 70 ਮੈਚਾਂ ਵਿਚ ਚੋਟੀ ਦੇ ਦੋ ਸਥਾਨਾਂ ’ਤੇ ਰਹੀਆਂ ਇਨ੍ਹਾਂ ਟੀਮਾਂ ਨੂੰ ਪਿਛਲੇ 10 ਦਿਨਾਂ ਵਿਚ ਮੀਂਹ ਕਾਰਨ ਚੰਗੀ ਬ੍ਰੇਕ ਮਿਲ ਗਈ ਹੈ। ਵੈਸੇ ਪਲੇਅ ਆਫ ਤੋਂ ਪਹਿਲਾਂ ਮੈਦਾਨ ’ਤੇ ਜ਼ਿਆਦਾ ਸਮਾਂ ਨਾ ਬਿਤਾ ਸਕਣ ਦੀ ਚੁਣੌਤੀ ਵੀ ਮੁਸ਼ਕਿਲ ਹੈ।

ਸੈਂਕੜੇ ਕਿਲੋਮੀਟਰ ਦਾ ਸਫਰ ਤੈਅ ਕਰਕੇ ਇੱਥੇ ਪਹੁੰਚਣ ਵਾਲੀ ਕੇ. ਕੇ. ਆਰ. ਤੇ ਸਨਰਾਈਜ਼ਰਜ਼ ਨੂੰ ਹਾਲਾਤ ਦੇ ਅਨੁਸਾਰ ਢਲਣ ਲਈ ਜ਼ਿਆਦਾ ਸਮਾਂ ਨਹੀਂ ਮਿਲੇਗਾ। ਦੋਵਾਂ ਨੇ ਆਖਰੀ ਲੀਗ ਮੈਚ ਐਤਵਾਰ ਹੀ ਖੇਡਿਆ ਹੈ ਤੇ ਦੋਵੇਂ ਹੀ ਟੀਮਾਂ ਹੁਣ ਸਿੱਧੇ ਫਾਈਨਲ ਦੀ ਟਿਕਟ ਹਾਸਲ ਕਰਨਾ ਚਾਹੁਣਗੀਆਂ।

ਸਨਰਾਈਜ਼ਰਜ਼ ਨੇ ਹਾਲਾਂਕਿ ਪੂਰਾ ਮੈਚ ਖੇਡ ਕੇ ਪੰਜਾਬ ਨੂੰ ਹਰਾਇਆ ਪਰ ਕੇ. ਕੇ. ਆਰ. ਤੇ ਰਾਜਸਥਾਨ ਰਾਇਲਜ਼ ਦਾ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ। ਕੇ. ਕੇ. ਆਰ. ਨੇ ਆਖਰੀ ਪੂਰਾ ਮੈਚ 11 ਮਈ ਨੂੰ ਖੇਡਿਆ ਸੀ। ਮੀਂਹ ਦੇ ਅੜਿੱਕੇ ਤੋਂ ਪਹਿਲਾਂ ਕੇ. ਕੇ. ਆਰ. ਨੇ ਲਗਾਤਾਰ ਚਾਰ ਮੈਚ ਜਿੱਤੇ ਸਨ। ਪਿਛਲੇ ਦੋ ਮੈਚ ਮੀਂਹ ਦੀ ਭੇਟ ਚੜ੍ਹ ਗਏ।

ਚੋਟੀ ’ਤੇ ਕਾਬਜ਼ ਕੇ. ਕੇ. ਆਰ. ਨੂੰ ਵਿਕਟਕੀਪਰ ਬੱਲੇਬਾਜ਼ ਫਿਲ ਸਾਲਟ (435 ਦੌੜਾਂ) ਦੀ ਕਮੀ ਮਹਿਸੂਸ ਹੋਵੇਗੀ ਜਿਹੜਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਟੀਮ ਨਾਲ ਜੁੜਨ ਲਈ ਵਤਨ ਪਰਤ ਗਿਆ ਹੈ। ਸਾਲਟ ਤੇ ਸੁਨੀਲ ਨਾਰਾਇਣ (287 ਦੌੜਾਂ) ਪ੍ਰਭਾਵਿਤ ਨਹੀਂ ਕਰ ਸਕੇ ਪਰ ਇਸਦੀ ਕਮੀ ਟੀਮ ਨੂੰ ਮਹਿਸੂਸ ਨਹੀਂ ਹੋਈ। ਰਾਇਲਜ਼ ਵਿਰੁੱਧ ਮੈਚ ਮੀਂਹ ਵਿਚ ਰੱਦ ਹੋਣ ਕਾਰਨ ਸਾਲਟ ਦੀ ਜਗ੍ਹਾ ਟੀਮ ਵਿਚ ਆਏ ਰਹਿਮਾਨਉੱਲ੍ਹਾ ਗੁਰਬਾਜ ਨੂੰ ਅਭਿਆਸ ਨਹੀਂ ਮਿਲ ਸਕਿਆ, ਜਿਸ ਨਾਲ ਕੇ. ਕੇ. ਆਰ. ਖੇਮਾ ਚਿੰਤਿਤ ਹੋਵੇਗਾ। ਕੇ. ਕੇ. ਆਰ. ਲਈ ਨਿਤਿਸ਼ ਰਾਣਾ ਤੇ ਆਂਦ੍ਰੇ ਰਸੇਲ ਦਾ ਫਾਰਮ ਵਿਚ ਰਹਿਣਾ ਬਹੁਤ ਹੀ ਜ਼ਰੂਰ ਹੈ।

ਕਾਗਜ਼ਾਂ ’ਤੇ ਕੇ. ਕੇ. ਆਰ. ਤੇ ਸਨਰਾਈਜ਼ਰਜ਼ ਬਰਾਬਰ ਦੀਆਂ ਟੀਮਾਂ ਲੱਗਦੀਆਂ ਹਨ, ਜਿਸ ਨਾਲ ਇਹ ਮੁਕਾਬਲਾ ਹੋਰ ਰੋਮਾਂਚਕ ਹੋ ਗਿਆ ਹੈ। ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੋਵਾਂ ਨੇ 200 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਕੇ ਰਿਕਾਰਡਾਂ ਦੀ ਝੜੀ ਲਗਾ ਦਿੱਤੀ ਹੈ। ਆਸਟ੍ਰੇਲੀਆ ਦੇ ਹੈੱਡ ਨੇ ਹਮਲਾਵਰ ਬੱਲੇਬਾਜ਼ੀ ਦੀ ਨਵੀਂ ਪਰਿਭਾਸ਼ਾ ਲਿਖੀ ਹੈ ਤੇ ਹੁਣ ਤਕ ਇਕ ਸੈਂਕੜਾ ਤੇ ਚਾਰ ਅਰਧ ਸੈਂਕੜਿਆਂ ਸਮੇਤ 533 ਦੌੜਾਂ ਬਣਾ ਚੁੱਕਾ ਹੈ। ਉਸਦੇ ਨਾਲ ਅਭਿਸ਼ੇਕ ਸ਼ਰਮਾ (467 ਦੌੜਾਂ) ਨੇ ਵੀ ਖੁੱਲ੍ਹ ਕੇ ਖੇਡਦੇ ਹੋਏ ਆਈ. ਪੀ. ਐੱਲ. ਵਿਚ ਅਜੇ ਤਕ 41 ਛੱਕੇ ਲਾ ਦਿੱਤੇ ਹਨ।ਸਨਰਾਈਜ਼ਰਜ਼ ਕੋਲ ਤੀਜੇ ਨੰਬਰ ’ਤੇ ਰਾਹੁਲ ਤ੍ਰਿਪਾਠੀ ਵਰਗਾ ਭਰੋਸੇਮੰਦ ਬੱਲੇਬਾਜ਼ ਹੈ। ਹੈਨਰਿਕ ਕਲਾਸੇਨ ਫਾਰਮ ਵਿਚ ਪਰਤ ਆਇਆ ਹੈ ਤੇ ਪੰਜਾਬ ਵਿਰੁੱਧ ਉਸ ਨੇ 42 ਦੌੜਾਂ ਬਣਾਈਆਂ।

ਪਿਛਲੇ ਸਾਲ ਵਿਸ਼ਵ ਕੱਪ ਫਾਈਨਲ ਵਿਚ ਦੇਖਿਆ ਗਿਆ ਸੀ ਕਿ ਅਹਿਮਦਾਬਾਦ ਵਿਚ ਬਾਅਦ ਵਿਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਵਧੇਰੇ ਸਫਲਤਾ ਮਿਲਦੀ ਹੈ। 6 ਵਿਚੋਂ 4 ਵਾਰ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਕਾਮਯਾਬ ਰਹੀ ਹੈ।

ਕੇ. ਕੇ. ਆਰ. ਕੋਲ ਮਿਸ਼ੇਲ ਸਟਾਰਕ ਦੀ ਅਗਵਾਈ ਵਿਚ ਤੇਜ਼ ਗੇਂਦਬਾਜ਼ਾਂ ਦੇ ਨਾਲ ਬਿਹਤਰੀਨ ਸਪਿਨਰ ਹਨ ਤੇ ਸਨਰਾਈਜ਼ਰਜ਼ ਦੀ ਗੇਂਦਬਾਜ਼ੀ ਦੀ ਅਗਵਾਈ ਕਪਤਾਨ ਪੈਟ ਕਮਿੰਸ ਕਰ ਰਿਹਾ ਹੈ। ਇਸ ਸੈਸ਼ਨ ਵਿਚ ਉਸਦੇ ਪਿਛਲੇ ਮੈਚ ਵਿਚ ਕੇ. ਕੇ. ਆਰ. ਨੇ ਸਨਰਾਈਜ਼ਰਜ਼ ਨੂੰ 4 ਦੌੜਾਂ ਨਾਲ ਹਰਾਇਆ ਸੀ।

ਟੀਮਾਂ ਇਸ ਤਰ੍ਹਾਂ ਹਨ

ਕੋਲਕਾਤਾ ਨਾਈਟ ਰਾਈਡਰਜ਼ : ਸ਼੍ਰੇਅਸ ਅਈਅਰ (ਕਪਤਾਨ), ਕੇ.ਐੱਸ. ਭਰਤ, ਰਹਿਮਾਨਉੱਲ੍ਹਾ ਗੁਰਬਾਜ, ਰਿੰਕੂ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਸ਼ੇਰਫੇਨ ਰਦਰਫੋਰਡ, ਮਨੀਸ਼ ਪਾਂਡੇ, ਆਂਦ੍ਰੇ ਰਸਲ, ਨਿਤਿਸ਼ ਰਾਣਾ, ਵੈਂਕਟੇਸ਼ ਅਈਅਰ, ਅਨੂਕੁਲ ਰਾਏ, ਰਮਨਦੀਪ ਸਿੰਘ, ਵਰੁਣ ਚਕਰਵਰਤੀ, ਵੈਭਵ ਅਰੋੜਾ, ਚੇਤਨ ਸਕਾਰੀਆ, ਹਰਸ਼ਿਤ ਰਾਣਾ, ਸੂਯਸ਼ ਸ਼ਰਮਾ, ਮਿਸ਼ੇਲ ਸਟਾਰਕ, ਦੁਸ਼ਮੰਤਾ ਚਮੀਰਾ, ਸਾਕਿਬ ਹੁਸੈਨ, ਮੁਜੀਬ ਉਰ ਰਹਿਮਾਨ, ਗਟ ਐਟਕਿਨਸਨ, ਅੱਲ੍ਹਾ ਗਜਾਂਫਰ।

ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਹੈਨਰਿਕ ਕਲਾਸੇਨ, ਐਡਨ ਮਾਰਕ੍ਰਮ, ਅਬਦੁਲ ਸਮਦ, ਨਿਤਿਸ਼ ਰੈੱਡੀ, ਸ਼ਾਹਬਾਜ਼ ਅਹਿਮਦ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਤ, ਟੀ. ਨਟਰਾਜਨ, ਮਯੰਕ ਮਾਰਕੰਡੇ, ਉਮਰਾਨ ਮਲਿਕ, ਅਨਮੋਲਪ੍ਰੀਤ ਸਿੰਘ, ਗਲੇਨ ਫਿਲਿਪਸ, ਰਾਹੁਲ ਤ੍ਰਿਪਾਠੀ, ਵਾਸ਼ਿੰਗਟਨ ਸੁੰਦਰ, ਉਪੇਂਦ੍ਰ ਯਾਦਵ, ਜੇ. ਸੁਬਰਾਮਣਿਅਮ, ਸਨਵੀਰ ਸਿੰਘ, ਵਿਜੇਕਾਂਤ ਵਯਾਸਕਾਂਤ, ਫਜ਼ਲਹੱਕ ਫਾਰੂਕੀ, ਮਾਰਕੋ ਯਾਨਸੇਨ, ਆਕਾਸ਼ ਮਹਾਰਾਜ ਸਿੰਘ, ਮਯੰਕ ਅਗਰਵਾਲ।


Tarsem Singh

Content Editor

Related News