ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼ਾਂ ''ਚੋਂ ਇਕ ਹੈ, ਉਸ ਖਿਲਾਫ ਰਣਨੀਤੀ ਬਣਾਵਾਂਗੇ : ਬਾਬਰ ਆਜ਼ਮ
Monday, May 06, 2024 - 06:00 PM (IST)
ਲਾਹੌਰ— ਪਾਕਿਸਤਾਨ ਦੇ ਸੀਮਤ ਓਵਰਾਂ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਵਿਰਾਟ ਕੋਹਲੀ ਭਾਰਤ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਹੈ ਅਤੇ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਉਸ ਦੇ ਬੱਲੇ 'ਤੇ ਕੰਟਰੋਲ ਕਰਨ ਲਈ ਯਕੀਨੀ ਤੌਰ 'ਤੇ ਰਣਨੀਤੀ ਬਣਾਈ ਜਾਵੇਗੀ। ਟੀ-20 ਵਿਸ਼ਵ ਕੱਪ 1 ਜੂਨ ਤੋਂ ਅਮਰੀਕਾ ਅਤੇ ਵੈਸਟਇੰਡੀਜ਼ 'ਚ ਸ਼ੁਰੂ ਹੋਵੇਗਾ, ਜਿਸ 'ਚ ਭਾਰਤ ਅਤੇ ਪਾਕਿਸਤਾਨ 9 ਜੂਨ ਨੂੰ ਨਿਊਯਾਰਕ 'ਚ ਆਹਮੋ-ਸਾਹਮਣੇ ਹੋਣਗੇ।
ਇੱਥੇ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਸ਼ਾਨਦਾਰ ਫਾਰਮ 'ਚ ਚੱਲ ਰਹੇ ਕੋਹਲੀ ਖਿਲਾਫ ਕੋਈ ਰਣਨੀਤੀ ਬਣਾਉਣਗੇ, ਜਿਸ 'ਤੇ ਉਨ੍ਹਾਂ ਕਿਹਾ ਕਿ ਇਕ ਟੀਮ ਹੋਣ ਦੇ ਨਾਤੇ ਅਸੀਂ ਹਮੇਸ਼ਾ ਵਿਰੋਧੀ ਟੀਮ ਦੇ ਬਿਹਤਰੀਨ ਖਿਡਾਰੀਆਂ ਖਿਲਾਫ ਰਣਨੀਤੀ ਬਣਾਉਂਦੇ ਹਾਂ। ਉਸ ਨੇ ਕਿਹਾ, 'ਅਸੀਂ ਹੋਰ ਟੀਮਾਂ ਦੇ ਸਾਰੇ 11 ਖਿਡਾਰੀਆਂ ਵਿਰੁੱਧ ਰਣਨੀਤੀ ਬਣਾਉਂਦੇ ਹਾਂ। ਸਾਨੂੰ ਨਿਊਯਾਰਕ ਦੇ ਹਾਲਾਤ ਬਾਰੇ ਜ਼ਿਆਦਾ ਨਹੀਂ ਪਤਾ ਪਰ ਉਹ (ਕੋਹਲੀ) ਬਿਹਤਰੀਨ ਖਿਡਾਰੀਆਂ ਵਿੱਚੋਂ ਇੱਕ ਹੈ ਅਤੇ ਅਸੀਂ ਉਸ ਖ਼ਿਲਾਫ਼ ਵੀ ਰਣਨੀਤੀ ਬਣਾਵਾਂਗੇ।
ਉਨ੍ਹਾਂ ਆਸ ਪ੍ਰਗਟਾਈ ਕਿ ਗੈਰੀ ਕਰਸਟਨ ਨੂੰ ਸਫੇਦ ਗੇਂਦ ਦੇ ਫਾਰਮੈਟ ਦਾ ਮੁੱਖ ਕੋਚ ਨਿਯੁਕਤ ਕੀਤੇ ਜਾਣ ਨਾਲ ਪਾਕਿਸਤਾਨੀ ਟੀਮ ਦਾ ਪ੍ਰਦਰਸ਼ਨ ਗ੍ਰਾਫ ਉੱਚਾ ਹੋਵੇਗਾ। ਕਰਸਟਨ ਨੂੰ ਪਿਛਲੇ ਮਹੀਨੇ ਦੋ ਸਾਲ ਲਈ ਪਾਕਿਸਤਾਨ ਦਾ ਮੁੱਖ ਕੋਚ ਬਣਾਇਆ ਗਿਆ ਸੀ। ਭਾਰਤ ਨੇ ਉਨ੍ਹਾਂ ਦੇ ਕੋਚ ਦੇ ਅਧੀਨ 2011 ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਉਹ 2008 ਤੋਂ 2011 ਤੱਕ ਭਾਰਤ ਅਤੇ 2011 ਤੋਂ 2013 ਤੱਕ ਦੱਖਣੀ ਅਫਰੀਕਾ ਦੇ ਕੋਚ ਰਹੇ।
ਬਾਬਰ ਨੇ ਕਿਹਾ, 'ਉਹ ਬਹੁਤ ਤਜਰਬੇਕਾਰ ਕੋਚ ਹਨ। ਸਾਨੂੰ ਉਸ ਦੀ ਮੌਜੂਦਗੀ ਤੋਂ ਲਾਭ ਹੋਵੇਗਾ। ਉਹ ਵਿਸ਼ਵ ਕੱਪ ਲਈ ਰਣਨੀਤੀ ਬਣਾਉਣ 'ਚ ਕਾਫੀ ਦਿਲਚਸਪੀ ਲੈ ਰਿਹਾ ਹੈ ਅਤੇ ਟੀਮ ਪ੍ਰਬੰਧਨ ਨਾਲ ਰਣਨੀਤੀ 'ਤੇ ਚਰਚਾ ਕਰ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਕਪਤਾਨੀ ਨੂੰ ਲੈ ਕੇ ਟੀਮ 'ਚ ਕੋਈ ਮਤਭੇਦ ਨਹੀਂ ਹਨ ਅਤੇ ਉਹ ਦੂਜੀ ਵਾਰ ਅਹੁਦਾ ਸੰਭਾਲਣ ਨੂੰ ਲੈ ਕੇ ਰੋਮਾਂਚਿਤ ਹੈ। ਉਸ ਨੇ ਕਿਹਾ, 'ਇੱਕ ਕਪਤਾਨ ਦੇ ਤੌਰ 'ਤੇ ਮੈਂ ਪਹਿਲਾਂ ਵੀ ਆਪਣੇ ਖਿਡਾਰੀਆਂ ਦੇ ਦਮ 'ਤੇ ਸਫਲਤਾ ਹਾਸਲ ਕੀਤੀ ਸੀ ਅਤੇ ਇਸ ਵਾਰ ਵੀ ਅਜਿਹਾ ਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਬੋਰਡ ਪੂਰੀ ਤਰ੍ਹਾਂ ਨਾਲ ਸਾਡੇ ਨਾਲ ਹੈ।