ਕੋਹਲੀ ਦੀ RCB ਦੇ ਖਿਡਾਰੀਆਂ ਨੂੰ ਸਲਾਹ : ਕਿਸੇ ਵੀ ਸੈਸ਼ਨ ਦਾ ਇਕ ਮਿੰਟ ਵੀ ਬਰਬਾਦ ਨਹੀਂ ਕਰਨੈ
Sunday, Mar 22, 2026 - 10:34 AM (IST)
ਬੈਂਗਲਰੂ– ਚਮਤਕਾਰੀ ਬੱਲੇਬਾਜ਼ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਆਪਣੇ ਸਾਥੀ ਖਿਡਾਰੀਆਂ ਨੂੰ ‘ਸਵਿੱਚ ਆਨ’ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਆਈ. ਪੀ. ਐੱਲ. ਖਿਤਾਬ ਬਰਕਰਾਰ ਰੱਖਣ ਦੀ ਤਿਆਰੀ ’ਚ ਹੁਣ ਉਨ੍ਹਾਂ ਨੂੰ ਅਭਿਆਸ ਸੈਸ਼ਨ ਦਾ ਇਕ ਮਿੰਟ ਵੀ ਬਰਬਾਦ ਨਹੀਂ ਕਰਨਾ ਹੈ। ਐੱਮ. ਚਿੰਨਾਸਵਾਮੀ ਸਟੇਡੀਅਮ ’ਚ ਪਹਿਲੇ ਅਭਿਆਸ ਸੈਸ਼ਨ ਦੌਰਾਨ ਕੋਹਲੀ ਨੇ ਕਿਹਾ ਕਿ ਉਸੇ ਜਜ਼ਬੇ ਨੂੰ ਬਰਕਰਾਰ ਰੱਖਣਾ ਹੈ ਜਿਸ ਦੇ ਦਮ ’ਤੇ ਉਨ੍ਹਾਂ ਨੇ ਪਿਛਲੇ ਸਾਲ ਖਿਤਾਬ ਜਿੱਤਿਆ ਸੀ।
ਕੋਹਲੀ ਨੇ ਕਿਹਾ, ‘‘ਅਸੀਂ ਪਿਛਲੇ ਦੋ-ਤਿੰਨ ਸੀਜ਼ਨਾਂ ’ਚ ਕਾਫੀ ਮਿਹਨਤ ਕੀਤੀ ਹੈ ਜਿਸ ਦੇ ਦਮ ’ਤੇ ਪਿਛਲੇ ਸਾਲ ਇਹ ਉਪਲੱਬਧੀ ਹਾਸਲ ਕਰ ਸਕੇ। ਹੁਣ ਰਸਤਾ ਹੋਰ ਸਖਤ ਹੋਵੇਗਾ ਕਿਉਂਕਿ ਬਾਕੀ ਟੀਮਾਂ ਵੀ ਪੂਰੀ ਚੁਣੌਤੀ ਦੇਣਗੀਆਂ।’’
ਆਰ. ਸੀ. ਬੀ. ਨੇ 28 ਮਾਰਚ ਨੂੰ ਐੱਮ. ਚਿੰਨਾਸਵਾਮੀ ਸਟੇਡੀਅਮ ’ਚ ਪਹਿਲੇ ਮੈਚ ’ਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਖੇਡਣਾ ਹੈ। ਕੋਹਲੀ ਨੇ ਕਿਹਾ, ‘‘ਸਾਨੂੰ ਸਮਾਂ ਬਰਬਾਦ ਨਹੀਂ ਕਰਨਾ ਹੈ। ਸਾਨੂੰ ਅੱਗੇ ਰਹਿਣਾ ਹੈ ਤਾਂ ਸਵਿੱਚ ਆਨ ਕਰ ਲਵੋ। ਕਿਸੇ ਵੀ ਸੈਸ਼ਨ ਦਾ ਇਕ ਮਿੰਟ ਵੀ ਬੇਕਾਰ ਨਹੀਂ ਕਰਨਾ ਹੈ। ਸਾਨੂੰ ਅਗਲੇ ਢਾਈ ਮਹੀਨਿਆਂ ’ਚ ਆਪਣਾ 120 ਫੀਸਦੀ ਦੇਣਾ ਪਵੇਗਾ।’’
ਆਰ. ਸੀ. ਬੀ. ਨੇ ਟੀਮ ’ਚ ਵੈਂਕਟੇਸ਼ ਅਈਅਰ, ਮੰਗੇਸ਼ ਯਾਦਵ, ਜੌਰਡਨ ਕਾਕਸ, ਵਿੱਕੀ ਓਸਤਵਾਲ ਤੇ ਸਾਤਵਿਕ ਦੇਸਵਾਲ ਨੂੰ ਸ਼ਾਮਲ ਕੀਤਾ ਹੈ। ਮੁੱਖ ਕੋਚ ਐਂਡੀ ਫਲਾਵਰ ਨੇ ਕਿਹਾ, ‘‘ਨਿਲਾਮੀ ਕਾਫੀ ਰੋਮਾਂਚਕ ਸੀ ਤੇ ਸਾਡੀ ਟੀਮ ਬਿਹਤਰ ਹੋਈ ਹੈ। ਅਸੀਂ ਕੁਝ ਬਿਹਤਰੀਨ ਖਿਡਾਰੀਆਂ ਨੂੰ ਲਿਆ ਹੈ। ਵਿਰਾਟ ਤੇ ਰਜਤ ਦੀ ਅਗਵਾਈ ’ਚ ਸਥਾਪਤ ਖਿਡਾਰੀਆਂ ਦੇ ਨਾਲ ਉਨ੍ਹਾਂ ਨੂੰ ਆਰ. ਸੀ. ਬੀ. ਦਾ ਹਿੱਸਾ ਬਣਾਉਣਾ ਰੋਮਾਂਚਕ ਹੋਵੇਗਾ।’’
ਉਸ ਨੇ ਇਹ ਵੀ ਕਿਹਾ, ‘‘ਇਸ ਸਾਲ ਗੱਲ ਵੱਖਰੀ ਹੋਵੇਗੀ ਕਿਉਂਕਿ ਹੁਣ ਅਸੀਂ ਖਿਤਾਬ ਜਿੱਤ ਚੁੱਕੇ ਹਾਂ। ਆਰ. ਸੀ. ਬੀ. ਦੇ ਸਾਰੇ ਪ੍ਰਸ਼ੰਸਕਾਂ ਲਈ ਇਹ ਮਾਣ ਵਾਲੀ ਗੱਲ ਹੈ ਪਰ ਹੁਣ ਪਿਛਲਾ ਸੀਜ਼ਨ ਬੀਤ ਗਿਆ ਹੈ ਤੇ ਨਵੀਂ ਚੁਣੌਤੀ ਸਾਹਮਣੇ ਹੈ। ਇਹ ਕਾਫੀ ਰੋਮਾਂਚਕ ਹੈ ਤੇ ਅਸੀਂ ਆਈ. ਪੀ. ਐੱਲ. ਜਿੱਤਣ ਆਏ ਹਾਂ।’’
ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੇ ਕਿਹਾ, ‘‘ਸਾਰੇ ਇਕ-ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹਨ। ਸਾਰੇ ਕੋਚਾਂ ਨਾਲ ਫਿਰ ਮਿਲ ਕੇ ਤੇ ਅਭਿਆਸ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ।''
