RCB ਨੇ CSK ਨੂੰ ਦਿੱਤਾ 251 ਦੌੜਾਂ ਦਾ ਟੀਚਾ, ਟਿਮ ਡੇਵਿਡ ਤੇ ਪਡਿੱਕਲ ਨੇ ਜੜੇ ਤੂਫ਼ਾਨੀ ਅਰਧ ਸੈਂਕੜੇ

Sunday, Apr 05, 2026 - 09:30 PM (IST)

RCB ਨੇ CSK ਨੂੰ ਦਿੱਤਾ 251 ਦੌੜਾਂ ਦਾ ਟੀਚਾ, ਟਿਮ ਡੇਵਿਡ ਤੇ ਪਡਿੱਕਲ ਨੇ ਜੜੇ ਤੂਫ਼ਾਨੀ ਅਰਧ ਸੈਂਕੜੇ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 11ਵੇਂ ਮੁਕਾਬਲੇ ਵਿੱਚ ਅੱਜ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਬੱਲੇਬਾਜ਼ਾਂ ਨੇ ਚੇਨਈ ਸੁਪਰ ਕਿੰਗਜ਼ (CSK) ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ। ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਹਾਈ-ਵੋਲਟੇਜ ਮੈਚ ਵਿੱਚ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੂੰ ਜਿੱਤ ਲਈ 251 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ ਹੈ।

ਬੈਂਗਲੁਰੂ ਦੀ ਪਾਰੀ ਦਾ ਮੁੱਖ ਆਕਰਸ਼ਣ ਟਿਮ ਡੇਵਿਡ ਦੀ ਬਿਸਫੋਟਕ ਬੱਲੇਬਾਜ਼ੀ ਰਹੀ। ਡੇਵਿਡ ਨੇ ਮਹਿਜ਼ 25 ਗੇਂਦਾਂ ਵਿੱਚ ਨਾਬਾਦ 70 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦਾ ਸਾਥ ਕਪਤਾਨ ਰਜਤ ਪਾਟੀਦਾਰ ਨੇ ਬਾਖੂਬੀ ਨਿਭਾਇਆ, ਜਿਨ੍ਹਾਂ ਨੇ ਨਾਬਾਦ 48 ਦੌੜਾਂ ਦਾ ਯੋਗਦਾਨ ਪਾਇਆ। ਦੋਵਾਂ ਨੇ ਮਿਲ ਕੇ ਅੰਤਿਮ ਓਵਰਾਂ ਵਿੱਚ ਚੇਨਈ ਦੇ ਗੇਂਦਬਾਜ਼ਾਂ 'ਤੇ ਹਮਲਾ ਬੋਲਿਆ ਅਤੇ ਸਕੋਰ ਨੂੰ 250 ਤੱਕ ਪਹੁੰਚਾਇਆ।

ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਅਤੇ 18 ਗੇਂਦਾਂ ਵਿੱਚ 28 ਦੌੜਾਂ ਬਣਾਈਆਂ, ਜਿਸ ਵਿੱਚ ਦੋ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਫਿਲ ਸਾਲਟ (46) ਅਤੇ ਦੇਵਦੱਤ ਪਡਿੱਕਲ ਨੇ ਦੂਜੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਪਡਿੱਕਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 29 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡੀ ਅਤੇ ਕਪਤਾਨ ਪਾਟੀਦਾਰ ਨਾਲ ਤੀਜੀ ਵਿਕਟ ਲਈ 58 ਦੌੜਾਂ ਜੋੜੀਆਂ।

ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ, ਜੋ ਕਿ ਬੈਂਗਲੁਰੂ ਦੇ ਬੱਲੇਬਾਜ਼ਾਂ ਨੇ ਗਲਤ ਸਾਬਤ ਕਰ ਦਿੱਤਾ। ਚੇਨਈ ਵੱਲੋਂ ਅੰਸ਼ੁਲ ਕੰਬੋਜ ਨੇ ਕੋਹਲੀ ਦੀ ਅਹਿਮ ਵਿਕਟ ਲਈ, ਜਦਕਿ ਸ਼ਿਵਮ ਦੁਬੇ ਨੇ ਫਿਲ ਸਾਲਟ ਨੂੰ ਆਊਟ ਕੀਤਾ। ਜ਼ਿਕਰਯੋਗ ਹੈ ਕਿ ਚੇਨਈ ਨੇ ਇਸ ਸੀਜ਼ਨ ਦੇ ਆਪਣੇ ਪਹਿਲੇ ਦੋਵੇਂ ਮੈਚ ਗੁਆ ਦਿੱਤੇ ਹਨ, ਜਦਕਿ ਬੈਂਗਲੁਰੂ ਨੇ ਪਹਿਲਾ ਮੈਚ ਜਿੱਤਿਆ ਸੀ।


author

Rakesh

Content Editor

Related News