ਵਿਰਾਟ ਕੋਹਲੀ ਅਤੇ ਪਡਿੱਕਲ ਦੇ ਤੂਫ਼ਾਨ ''ਚ ਉੱਡੀ ਹੈਦਰਾਬਾਦ, RCB ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਮੈਚ

Saturday, Mar 28, 2026 - 11:21 PM (IST)

ਵਿਰਾਟ ਕੋਹਲੀ ਅਤੇ ਪਡਿੱਕਲ ਦੇ ਤੂਫ਼ਾਨ ''ਚ ਉੱਡੀ ਹੈਦਰਾਬਾਦ, RCB ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਮੈਚ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਉਦਘਾਟਨੀ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਦੇ ਨਾਲ ਸੀਜ਼ਨ ਦਾ ਆਗਾਜ਼ ਕੀਤਾ ਹੈ। ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਹਾਈ-ਵੋਲਟੇਜ ਮੁਕਾਬਲੇ ਵਿੱਚ ਆਰਸੀਬੀ ਨੇ ਹੈਦਰਾਬਾਦ ਵੱਲੋਂ ਦਿੱਤੇ 202 ਦੌੜਾਂ ਦੇ ਵੱਡੇ ਟੀਚੇ ਨੂੰ ਮਹਿਜ਼ 15.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਉਸ ਨੇ 29 ਦੌੜਾਂ 'ਤੇ ਹੀ 3 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਕਪਤਾਨ ਈਸ਼ਾਨ ਕਿਸ਼ਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 38 ਗੇਂਦਾਂ ਵਿੱਚ 80 ਦੌੜਾਂ (8 ਚੌਕੇ, 5 ਛੱਕੇ) ਬਣਾਈਆਂ। ਹੇਨਰਿਕ ਕਲਾਸਨ (31 ਦੌੜਾਂ) ਅਤੇ ਅੰਤ ਵਿੱਚ ਅਨੀਕੇਤ ਵਰਮਾ ਦੀਆਂ 18 ਗੇਂਦਾਂ ਵਿੱਚ 43 ਦੌੜਾਂ ਦੀ ਬਦੌਲਤ ਹੈਦਰਾਬਾਦ ਨੇ 9 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਆਰਸੀਬੀ ਵੱਲੋਂ ਆਪਣਾ ਪਹਿਲਾ ਮੈਚ ਖੇਡ ਰਹੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਜੈਕਬ ਡਫੀ ਅਤੇ ਰੋਮਾਰੀਓ ਸ਼ੈਫਰਡ ਨੇ 3-3 ਵਿਕਟਾਂ ਝਟਕਾਈਆਂ।

ਟੀਚੇ ਦਾ ਪਿੱਛਾ ਕਰਨ ਉਤਰੀ ਆਰਸੀਬੀ ਨੇ ਫਿਲ ਸਾਲਟ (8) ਦਾ ਵਿਕਟ ਜਲਦੀ ਗੁਆ ਦਿੱਤਾ, ਪਰ ਇਸ ਤੋਂ ਬਾਅਦ 'ਇਮਪੈਕਟ ਪਲੇਅਰ' ਵਜੋਂ ਆਏ ਦੇਵਦੱਤ ਪਡਿੱਕਲ ਅਤੇ ਵਿਰਾਟ ਕੋਹਲੀ ਨੇ ਹੈਦਰਾਬਾਦ ਦੇ ਗੇਂਦਬਾਜ਼ਾਂ ਦੀ ਰੇਲ ਬਣਾ ਦਿੱਤੀ। ਦੋਵਾਂ ਨੇ ਦੂਜੇ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ। ਪਡਿੱਕਲ ਨੇ ਮਹਿਜ਼ 26 ਗੇਂਦਾਂ ਵਿੱਚ 61 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਵਿਰਾਟ ਕੋਹਲੀ ਨੇ ਇੱਕ ਸਿਰੇ 'ਤੇ ਟਿਕ ਕੇ 38 ਗੇਂਦਾਂ ਵਿੱਚ ਨਾਬਾਦ 69 ਦੌੜਾਂ ਬਣਾਈਆਂ, ਜਿਸ ਵਿੱਚ 5 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਕਪਤਾਨ ਰਜਤ ਪਾਟੀਦਾਰ ਨੇ ਵੀ 12 ਗੇਂਦਾਂ ਵਿੱਚ 31 ਦੌੜਾਂ ਦਾ ਤੇਜ਼ ਯੋਗਦਾਨ ਪਾਇਆ।

ਆਰਸੀਬੀ ਲਈ ਅਭਿਨੰਦਨ ਸਿੰਘ ਤੇ ਜੈਕਬ ਡਫੀ ਅਤੇ ਹੈਦਰਾਬਾਦ ਲਈ ਸਲਿਲ ਅਰੋੜਾ ਤੇ ਡੇਵਿਡ ਪੇਨ ਨੇ ਆਪਣਾ ਆਈਪੀਐਲ ਡੈਬਿਊ ਕੀਤਾ।

ਸਟੇਡੀਅਮ ਵਿੱਚ ਹੋਈ ਭਗਦੜ ਦੀ ਇੱਕ ਮੰਦਭਾਗੀ ਘਟਨਾ ਕਾਰਨ ਦੋਵਾਂ ਟੀਮਾਂ ਦੇ ਖਿਡਾਰੀ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ਵਿੱਚ ਉਤਰੇ।

ਪਿਛਲੇ ਸਾਲ ਦੀ ਜੇਤੂ ਆਰਸੀਬੀ ਨੇ ਜਿੱਤ ਨਾਲ ਟਾਈਟਲ ਡਿਫੈਂਡ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਜਿੱਤ ਨਾਲ ਬੈਂਗਲੁਰੂ ਨੇ ਪੁਆਇੰਟ ਟੇਬਲ ਵਿੱਚ ਆਪਣਾ ਖਾਤਾ ਖੋਲ੍ਹ ਲਿਆ ਹੈ ਅਤੇ ਆਪਣੇ ਘਰੇਲੂ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ।


author

Rakesh

Content Editor

Related News