IPL 2026 : RCB ਦੀ ਸ਼ਾਨਦਾਰ ਜਿੱਤ, CSK ਨੂੰ 43 ਦੌੜਾਂ ਨਾਲ ਦਿੱਤੀ ਮਾਤ
Sunday, Apr 05, 2026 - 11:26 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 11ਵੇਂ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੇਨਈ ਸੁਪਰ ਕਿੰਗਜ਼ (CSK) ਨੂੰ 43 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਹੈ।
ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਆਰ.ਸੀ.ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੂੰ 251 ਦੌੜਾਂ ਦਾ ਪਹਾੜ ਜਿਹਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਚੇਨਈ ਦੀ ਟੀਮ 207 ਦੌੜਾਂ 'ਤੇ ਹੀ ਢੇਰ ਹੋ ਗਈ।
ਇਸ ਜਿੱਤ ਦੇ ਨਾਲ ਹੀ ਬੈਂਗਲੁਰੂ ਦੀ ਟੀਮ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ, ਜਦਕਿ ਚੇਨਈ ਨੂੰ ਇਸ ਸੀਜ਼ਨ ਵਿੱਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੇ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 250 ਦੌੜਾਂ ਬਣਾਈਆਂ।
ਟੀਮ ਦੀ ਜਿੱਤ ਦੇ ਅਸਲੀ ਸਟਾਰ ਟਿਮ ਡੇਵਿਡ ਰਹੇ, ਜਿਨ੍ਹਾਂ ਨੇ ਮਹਿਜ਼ 25 ਗੇਂਦਾਂ ਵਿੱਚ ਨਾਬਾਦ 70 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 8 ਛੱਕੇ ਅਤੇ 3 ਚੌਕੇ ਸ਼ਾਮਲ ਸਨ। ਕਪਤਾਨ ਰਜਤ ਪਾਟੀਦਾਰ ਨੇ ਵੀ ਨਾਬਾਦ 48 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਦੇਵਦੱਤ ਪਡਿੱਕਲ ਨੇ 29 ਗੇਂਦਾਂ ਵਿੱਚ 50 ਦੌੜਾਂ ਬਣਾਈਆਂ, ਜਦਕਿ ਫਿਲ ਸਾਲਟ ਨੇ 46 ਦੌੜਾਂ ਦੀ ਪਾਰੀ ਖੇਡੀ। ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ 18 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਰੋਹਿਤ ਸ਼ਰਮਾ ਦਾ ਇੱਕ ਵੱਡਾ ਰਿਕਾਰਡ ਵੀ ਤੋੜ ਦਿੱਤਾ।
251 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਪਾਵਰਪਲੇਅ ਵਿੱਚ ਹੀ 3 ਵਿਕਟਾਂ ਡਿੱਗ ਗਈਆਂ। ਕਪਤਾਨ ਰੁਤੂਰਾਜ ਗਾਇਕਵਾੜ (7) ਅਤੇ ਸੰਜੂ ਸੈਮਸਨ (9) ਸਸਤੇ ਵਿੱਚ ਆਊਟ ਹੋ ਗਏ। ਸਰਫਰਾਜ਼ ਖਾਨ ਨੇ ਮੋਰਚਾ ਸੰਭਾਲਦਿਆਂ 25 ਗੇਂਦਾਂ ਵਿੱਚ 50 ਦੌੜਾਂ ਬਣਾਈਆਂ, ਪਰ ਉਨ੍ਹਾਂ ਦੇ ਆਊਟ ਹੁੰਦੇ ਹੀ ਚੇਨਈ ਦੀਆਂ ਉਮੀਦਾਂ ਧੁੰਦਲੀਆਂ ਪੈ ਗਈਆਂ। ਪ੍ਰਸ਼ਾਂਤ ਵੀਰ (43) ਅਤੇ ਜੇਮੀ ਓਵਰਟਨ (37) ਨੇ ਕੁਝ ਸੰਘਰਸ਼ ਕੀਤਾ, ਪਰ ਉਹ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।
ਬੈਂਗਲੁਰੂ ਲਈ ਜੈਕਬ ਡਫੀ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ ਗਾਇਕਵਾੜ ਅਤੇ ਸੈਮਸਨ ਵਰਗੀਆਂ ਅਹਿਮ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ ਆਯੂਸ਼ ਮਹਾਤਰੇ ਨੂੰ ਆਊਟ ਕੀਤਾ ਅਤੇ ਇਸ ਦੇ ਨਾਲ ਹੀ ਉਹ ਆਈਪੀਐਲ ਵਿੱਚ 'ਦੋਹਰਾ ਸੈਂਕੜਾ' (200 ਵਿਕਟਾਂ) ਜੜਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ ਹਨ। ਕਰੁਣਾਲ ਪੰਡਿਆ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਰਫਰਾਜ਼ ਖਾਨ ਅਤੇ ਕਾਰਤਿਕ ਸ਼ਰਮਾ ਨੂੰ ਪਵਿੱਲੀਅਨ ਦਾ ਰਸਤਾ ਦਿਖਾਇਆ।
