ਕੇ. ਐੱਲ. ਰਾਹੁਲ ਦੀ ਦਰਿਆਦਿਲੀ, 11 ਸਾਲ ਦੇ ਬੱਚੇ ਦੀ ਸਰਜਰੀ ਲਈ ਦਿੱਤੇ 31 ਲੱਖ ਰੁਪਏ
Tuesday, Feb 22, 2022 - 07:06 PM (IST)
ਸਪੋਰਟਸ ਡੈਸਕ- ਭਾਰਤ ਦੇ ਸਟਾਈਲਿਸ਼ ਬੱਲੇਬਾਜ਼ ਕੇ. ਐੱਲ. ਰਾਹੁਲ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਪਰ ਹੁਣ ਉਹ ਮੈਦਾਨ ਦੇ ਬਾਹਰ ਆਪਣੇ ਨੇਕ ਕੰਮ ਦੇ ਲਈ ਮੀਡੀਆ ਦੀਆਂ ਸੁਰਖ਼ੀਆਂ 'ਚ ਬਣੇ ਹੋਏ ਹਨ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਹਾਲ ਹੀ 'ਚ ਇਕ ਅਜਿਹਾ ਕੰਮ ਕੀਤਾ ਹੈ ਕਿ ਹਰ ਕੋਈ ਉਨ੍ਹਾਂ ਦੀ ਸ਼ਲਾਘਾ ਕਰਦੇ ਥੱਕ ਨਹੀਂ ਰਿਹਾ ਹੈ। ਕੇ. ਐੱਲ. ਰਾਹੁਲ ਨੇ 11 ਸਾਲ ਦੇ ਵਾਰਥ ਦੀ ਸਰਜਰੀ 'ਚ ਮਦਦ ਕੀਤੀ ਹੈ। ਇਸ ਨੇਕ ਕੰਮ ਨਾਲ ਉਨ੍ਹਾਂ ਨੇ ਫੈਂਸ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਗਿਫ਼ਟ ਕੀਤੇ ਗੋਲਡਨ ਬੂਟ, ਲਿਖੀ ਭਾਵੁਕ ਪੋਸਟ
ਦਰਅਸਲ 11 ਸਾਲ ਦੇ ਵਾਰਥ ਨੂੰ ਇਕ ਦੁਰਲਭ ਬੀਮਾਰੀ ਹੈ ਜਿਸ ਦੇ ਇਲਾਜ ਲਈ ਉਸ ਨੂੰ ਤੁਰੰਤ ਟਰਾਂਸਪਲਾਂਟ ਦੀ ਜ਼ਰੂਰਤ ਸੀ ਪਰ ਇਲਾਜ ਲਈ ਵਾਰਥ ਦੇ ਮਾਤਾ-ਪਿਤਾ ਕੋਲ ਰੁਪਏ ਨਹੀਂ ਸਨ। ਇਸ ਦੇ ਲਈ ਉਨ੍ਹਾਂ ਨੇ ਇਕ ਮੁਹਿੰਮ ਦੇ ਤਹਿਤ 35 ਲੱਖ ਰੁਪਏ ਇਕੱਠੇ ਵੀ ਕਰ ਲਏ। ਪਰ ਜਿਵੇਂ ਹੀ ਇਸ ਦਾ ਪਤਾ ਕੇ. ਐੱਲ. ਰਾਹੁਲ ਨੂੰ ਲੱਗਾ ਤਾਂ ਉਨ੍ਹਾਂ ਨੇ ਬਿਨਾ ਸਮਾਂ ਗੁਆਏ 31 ਲੱਖ ਰੁਪਏ ਦੇ ਦਿੱਤੇ।
ਇਸ ਬਾਰੇ 'ਚ ਕੇ. ਐੱਲ. ਰਾਹੁਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਨੂੰ ਵਾਰਥ ਦੀ ਸਥਿਤੀ ਦੇ ਬਾਰੇ ਪਤਾ ਲੱਗਾ ਤਾਂ ਮੈਂ ਆਪਣੀ ਟੀਮ ਨਾਲ ਰਾਬਤਾ ਕਾਇਮ ਕੀਤਾ ਤਾਂ ਜੋ ਅਸੀਂ ਵਾਰਥ ਦੀ ਮਦਦ ਕਰ ਸਕੀਏ। ਮੈਨੂੰ ਖ਼ੁਸ਼ੀ ਹੈ ਕਿ ਸਰਜਰੀ ਸਫਲ ਰਹੀ ਤੇ ਉਹ ਚੰਗਾ ਮਹਿਸੂਸ ਕਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਵਾਰਥ ਛੇਤੀ ਤੋਂ ਛੇਤੀ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵੇਗਾ ਤੇ ਆਪਣੇ ਸੁਫਨਿਆਂ ਨੂੰ ਹਾਸਲ ਕਰਨ ਲਈ ਅੱਗੇ ਵਧੇਗਾ। ਮੈਨੂੰ ਉਮੀਦ ਹੈ ਕਿ ਮੇਰਾ ਯੋਗਦਾਨ ਵੱਧ ਤੋਂ ਵੱਧ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਪ੍ਰੇਰਿਤ ਕਰੇਗਾ।
ਇਹ ਵੀ ਪੜ੍ਹੋ : ਮਾਸਕੋ ਵਿੱਚ 'ਵੁਸ਼ੂ ਚੈਂਪੀਅਨਸ਼ਿਪ' 'ਚ ਹਿੱਸਾ ਲਵੇਗੀ ਕਸ਼ਮੀਰ ਦੀ ਗੋਲਡਨ ਗਰਲ ਸਾਦੀਆ
ਜਦਕਿ ਇਸ 'ਤੇ ਵਾਰਥ ਦੀ ਮਾਤਾ ਸਵਪਨਾ ਨੇ ਕਿਹਾ ਕਿ ਕੇ. ਐੱਲ. ਰਾਹੁਲ ਨੇ ਮੇਰੇ ਪੁੱਤਰ ਲਈ ਇੰਨੀ ਵੱਡੀ ਰਕਮ ਦਿੱਤੀ ਹੈ। ਉਸ ਦੇ ਲਈ ਮੈਂ ਕੇ. ਐੱਲ. ਰਾਹੁਲ ਦੀ ਧੰਨਵਾਦੀ ਹਾਂ ਕਿਉਂਕਿ ਸਾਡੇ ਲਈ ਇੰਨੇ ਘੱਟ ਸਮੇਂ 'ਚ ਇੰਨੀ ਛੇਤੀ ਟਰਾਂਸਪਲਾਂਟ ਕਰਨਾ ਨਾਮੁਮਕਿਨ ਸੀ। ਮੈਂ ਬਸ ਤੁਹਾਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।