ਕੇ. ਐੱਲ. ਰਾਹੁਲ ਦੀ ਬੱਲੇਬਾਜ਼ੀ ਦੇਖ ਗੱਬਰ ਹੋਇਆ ਖ਼ੁਸ਼, ਕਿਹਾ-ਮਜ਼ਬੂਤ ਖਿਡਾਰੀ ਹਮੇਸ਼ਾ ਮਜ਼ਬੂਤ ਹੀ ਰਹਿੰਦੈ

Wednesday, Mar 24, 2021 - 06:44 PM (IST)

ਸਪੋਰਟਸ ਡੈਸਕ-  ਇੰਗਲੈਂਡ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿਚ ਭਾਰਤ ਨੇ 66 ਦੌੜਾਂ ਨਾਲ ਜਿੱਤ ਦਰਜ ਕਰਦਿਆਂ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾਈ। ਇਸ ਦੌਰਾਨ ਕੇ. ਐੱਲ. ਰਾਹੁਲ ਮਿਡਲ ਆਰਡਰ ਵਿਚ ਬੱਲੇਬਾਜ਼ੀ ਕਰਨ ਉਤਰਿਆ ਅਤੇ ਆਪਣੀ ਪਾਰੀ ਦੇ ਦਮ ਉਤੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਰਾਹੁਲ ਨੇ 43 ਗੇਂਦਾਂ ਉਤੇ 4 ਚੌਕੇ ਅਤੇ ਇੰਨੇ ਹੀ ਛੱਕੇ ਮਾਰ ਕੇ 62 ਦੌੜਾਂ ਦੀ ਪਾਰੀ ਖੇਡੀ। ਮੈਚ ਤੋਂ ਬਾਅਦ ਭਾਰਤੀ ਟੀਮ ਦੇ ਗੱਬਰ ਸ਼ਿਖਰ ਧਵਨ ਨੇ ਕੇ. ਐੱਲ. ਰਾਹੁਲ ਦੀ ਪਾਰੀ ਬਾਰੇ ਗੱਲ ਕੀਤੀ ਅਤੇ ਇਸ ਅਰਧ ਸੈਂਕੜੇ ਵਾਲੀ ਪਾਰੀ ਉੱਤੇ ਖੁਸ਼ੀ ਪ੍ਰਗਟ ਕੀਤੀ ਅਤੇ ਨਾਲ ਹੀ ਉਸ ਨੇ ਕੇ. ਐੱਲ. ਰਾਹੁਲ ਨੂੰ ਮਜ਼ਬੂਤ ਖਿਡਾਰੀ ਵੀ ਦੱਸਿਆ। ‘ਪਲੇਅਰ ਆਫ਼ ਦਿ ਮੈਚ’ ਬਣੇ ਧਵਨ ਨੇ ਰਾਹੁਲ ’ਤੇ ਗੱਲ ਕਰਦਿਆਂ ਕਿਹਾ ਕਿ ਇਹ ਦੇਖ ਕੇ ਚੰਗਾ ਲੱਗਿਆ ਕਿ ਰਾਹੁਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਕੇ. ਐੱਲ. ਰਾਹੁਲ ਦੇ ਹਾਲ ਹੀ ਦੇ ਮੈਚਾਂ ਵਿਚ ਖਰਾਬ ਪ੍ਰਦਰਸ਼ਨ ਉਤੇ ਬੋਲਦਿਆਂ ਧਵਨ ਨੇ ਕਿਹਾ ਕਿ ਅਜਿਹਾ ਹਰ ਖਿਡਾਰੀ ਨਾਲ ਹੁੰਦਾ ਹੈ। ਇਹ ਇਕ ਚੈਪੀਅਨ ਪਲੇਅਰ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਹੈ। ਉਹ ਪਹਿਲਾਂ ਨਾਲੋਂ ਵੀ ਮਜ਼ਬੂਤ ਬਣ ਗਿਆ ਹੈ।
ਇਹ ਵੀ ਪੜ੍ਹੋ : IND vs ENG : ਟੀਮ ਇੰਡੀਆ ਨੂੰ ਲਗਾ ਵੱਡਾ ਝਟਕਾ, ODI ਸੀਰੀਜ਼ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ

PunjabKesariਧਵਨ ਨੇ ਕਿਹਾ ਕਿ ਇਹ ਖੇਡ ਦਾ ਹਿੱਸਾ, ਜੋ ਇਕ ਤਕੜਾ ਖਿਡਾਰੀ ਹੁੰਦਾ, ਉਹ ਹਮੇਸ਼ਾ ਤਕੜਾ ਖਿਡਾਰੀ ਹੀ ਰਹਿੰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਇਕ ਦੌਰ ਹੁੰਦਾ ਹੈ, ਜੋ ਨਿਕਲ ਜਾਵੇਗਾ। ਜਿਵੇਂ ਰਾਹੁਲ ਨੇ ਵਾਪਸੀ ਕੀਤੀ ਅਤੇ ਕਰੁਣਾਲ ਨੇ ਸਾਨੂੰ 300 ਤੋਂ ਪਾਰ ਪਹੁੰਚਾਇਆ, ਇਹ ਦੇਖਣਾ ਕਾਫ਼ੀ ਚੰਗਾ ਸੀ। ਉਸ ਨੇ ਕਿਹਾ ਕਿ ਇਹ ਪਾਰੀ ਕੇ. ਐੱਲ. ਰਾਹੁਲ ਵਿਚ  ਬਹੁਤ ਆਤਮਵਿਸ਼ਵਾਸ ਪੈਦਾ ਕਰੇਗੀ ਅਤੇ ਤੁਸੀਂ ਉਸ ਦਾ ਹੋਰ ਧਮਾਕੇਦਾਰ ਪ੍ਰਦਰਸ਼ਨ ਦੇਖੋਗੇ।
ਇਹ ਵੀ ਪੜ੍ਹੋ : IPL 2021 ਐਂਥਮ ‘ਇੰਡੀਆ ਦਾ ਆਪਣਾ ਮੰਤਰਾ’ ਜਾਰੀ, ਰੋਹਿਤ-ਵਿਰਾਟ ਨੇ ਲਾਏ ਠੁਮਕੇ (ਵੀਡੀਓ)

ਮੈਚ ਦੀ ਗੱਲ ਕਰੀਏ ਤਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਓਪਨਰ ਸ਼ਿਖਰ ਧਵਨ (98), ਕਪਤਾਨ ਵਿਰਾਟ ਕੋਹਲੀ (56), ਕੇ. ਐੱਲ. ਰਾਹੁਲ (ਅਜੇਤੂ 62 ਦੌੜਾਂ) ਅਤੇ ਕਰੁਣਾਲ ਪੰਡਯਾ (ਅਜੇਤੂ 58 ਦੌੜਾਂ) ਦੀਆਂ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਦੀ ਬਦੌਲਤ 317 ਦੌੜਾਂ ਬਣਾਈਆਂ । ਇਸ ਦੇ ਜਵਾਬ ਵਿਚ ਇੰਗਲੈਂਡ ਦੀ ਸ਼ੁਰੂਆਤ ਚੰਗੀ ਰਹੀ ਅਤੇ ਪਹਿਲੀ ਵਿਕਟ ਲਈ ਜੇਸਨ ਰਾਏ (46) ਅਤੇ ਜਾਨੀ ਬੇਅਰਸਟੋ (94) ਨੇ 135 ਦੌੜਾਂ ਦੀ ਸਾਂਝੇਦਾਰੀ ਕੀਤੀ। ਜੇਸਨ ਰਾਏ ਦੇ ਆਊਟ ਹੋਣ ਤੋਂ ਬਾਅਦ ਥੋੜ੍ਹੇ ਫ਼ਰਕ ਨਾਲ ਵਿਕਟਾਂ ਡਿਗਦੀਆਂ ਗਈਆਂ ਅਤੇ ਟੀਮ 42.1 ਓਵਰ ’ਚ ਆਲ ਆਊਟ ਹੋ ਕੇ ਮੈਚ ਹਾਰ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News