KL ਰਾਹੁਲ ਖ਼ਰਾਬ ਤਬੀਅਤ ਕਾਰਨ ਹਸਪਤਾਲ ’ਚ ਦਾਖ਼ਲ, ਮੈਚ ਖੇਡਣ ’ਤੇ ਸਸਪੈਂਸ
Sunday, May 02, 2021 - 06:15 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਪੰਜਾਬ ਕਿੰਗਜ਼ ਦੀ ਕਪਤਾਨੀ ਕਰ ਰਹੇ ਕੇ. ਐੱਲ. ਰਾਹੁਲ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਪੰਜਾਬ ਕਿੰਗਜ਼ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਇਕ ਪੋਸਟ ਕਰਦੇ ਹੋਏ ਇਹ ਦੱਸਿਆ ਗਿਆ ਹੈ।
ਸੋਸ਼ਲ ਮੀਡੀਆ ’ਤੇ ਪੰਜਾਬ ਕਿੰਗਜ਼ ਨੇ ਲਿਖਿਆ ਕਿ ਕੇ. ਐੱਲ. ਰਾਹੁਲ ਦੇ ਪੇਟ ’ਚ ਦਰਦ ਦੀ ਸ਼ਿਕਾਇਤ ਸੀ। ਉਨ੍ਹਾਂ ਨੂੰ ਫ਼ਸਟ ਏਡ ਦਿੱਤੀ ਗਈ ਪਰ ਇਸ ਨਾਲ ਅਸਰ ਨਹੀਂ ਹੋਇਆ। ਉਨ੍ਹਾਂ ਨੂੰ ਟੈਸਟ ਲਈ ਂਐਮਰਜੈਂਸੀ ’ਚ ਲਿਜਾਇਆ ਗਿਆ ਜਿੱਥੇ ਮਾਮਲਾ ਸ਼ੱਕੀ ਲੱਗਾ। ਉਨ੍ਹਾਂ ਨੂੰ ਹਸਪਤਾਲ ਸ਼ਿਫ਼ਟ ਕਰ ਦਿੱਤਾ ਗਿਆ ਹੈ।
Praying for KL Rahul’s health and speedy recovery 🙏❤️#SaddaPunjab #PunjabKings #IPL2021 pic.twitter.com/q81OtUz297
— Punjab Kings (@PunjabKingsIPL) May 2, 2021
ਜ਼ਿਕਰਯੋਗ ਹੈ ਕਿ ਇਸ ਸੀਜ਼ਨ ’ਚ ਕੇ. ਐੱਲ. ਰਾਹੁਲ ਦਾ ਬੱਲਾ ਖ਼ੂਬ ਚਲ ਰਿਹਾ ਹੈ। ਉਨ੍ਹਾਂ ਨੇ 7 ਮੈਚਾਂ ’ਚ 66 ਦੀ ਔਸਤ ਨਾਲ 331 ਦੌੜਾਂ ਬਣਾਈਆਂ ਹਨ। ਉਨ੍ਹਾਂ ਕੋਲ ਅਜੇ ਵੀ ਆਰੇਂਜ ਕੈਪ ਹੈ। ਉਹ ਸੀਜ਼ਨ ’ਚ 4 ਅਰਧ ਸੈਂਕੜੇ ਲਾ ਚੁੱਕੇ ਹਨ ਤੇ ਇਸ ਵਿਚਾਲੇ ਦੋ ਵਾਰ 90 ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 27 ਚੌਕੇ ਤੇ 16 ਛੱਕੇ ਵੀ ਲਾਏ। ਰਾਹੁਲ ਅਜਿਹੇ ਪਹਿਲੇ ਬੱਲੇਬਾਜ਼ ਹਨ ਜੋ ਕਿ ਲਗਾਤਾਰ ਤਿੰਨ ਸੀਜ਼ਨ ’ਚ 600 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।
ਕੀ ਪੰਜਾਬ ਦਾ ਵੀ ਬਦਲੇਗਾ ਕਪਤਾਨ
ਅਜੇ ਬੀਤੇ ਦਿਨ ਹੀ ਸਨਰਾਈਜ਼ਰਜ਼ ਹੈਦਰਾਬਾਦ ਨੇ ਪੁਆਇੰਟ ਟੇਬਲ ’ਚ ਆਖ਼ਰੀ ਸਥਾਨ ’ਤੇ ਆਉਣ ’ਤੇ ਆਪਣੀ ਟੀਮ ’ਚ ਵੱਡਾ ਬਦਲਾਅ ਕੀਤਾ ਹੈ। ਇਸ ਦੇ ਤਹਿਤ ਡੇਵਿਡ ਵਾਰਨਰ ਦੀ ਜਗ੍ਹਾ ਕੇਨ ਵਿਲੀਅਮਸਨ ਨੂੰ ਕਪਤਾਨ ਬਣਾਇਆ ਗਿਆ ਹੈ। ਹੁਣ ਪੰਜਾਬ ਕਿੰਗਜ਼ ’ਤੇ ਨਜ਼ਰਾਂ ਹਨ ਕਿਉਂਕਿ ਪੰਜਾਬ ਅਜੇ ਵੀ ਸੀਜ਼ਨ ਦੇ ਦੌਰਾਨ ਜੂਝਦਾ ਨਜ਼ਰ ਆ ਰਿਹਾ ਹੈ। ਪੰਜਾਬ ਨੇ ਅਜੇ ਤਕ 7 ਮੈਚਾਂ ’ਚੋਂ ਤਿੰਨ ਮੈਚ ਜਿੱਤੇ ਹਨ ਤੇ ਚਾਰ ਹਾਰੇ ਹਨ।