ਕੇ.ਐੱਲ. ਰਾਹੁਲ ''ਨੇਕ ਕੰਮ'' ਕਰਦੇ ਹੀ ਫਾਰਮ ''ਚ ਪਰਤੇ, ਇੰਗਲੈਂਡ ਖਿਲਾਫ ਖੇਡੀ ਵੱਡੀ ਪਾਰੀ
Saturday, Feb 09, 2019 - 02:30 PM (IST)

ਸਪੋਰਟਸ ਡੈਸਕ— ਲੰਬੇ ਸਮੇਂ ਤੋਂ ਖਰਾਬ ਫਾਰਮ ਤੋਂ ਜੂਝ ਰਹੇ ਭਾਰਤੀ ਕ੍ਰਿਕਟਰ ਕੇ.ਐੱਲ. ਰਾਹੁਲ ਆਖਰਕਾਰ ਆਪਣੀ ਫਾਰਮ 'ਚ ਪਰਤਦੇ ਦਿਸ ਰਹੇ ਹਨ। ਆਸਟਰੇਲੀਆ ਦੌਰੇ 'ਤੇ ਖਰਾਬ ਪ੍ਰਦਰਸ਼ਨ ਕਾਰਨ ਟੀਮ ਇੰਡੀਆ ਤੋਂ ਬਾਹਰ ਹੋਏ ਰਾਹੁਲ ਇਨ੍ਹਾਂ ਦਿਨਾਂ 'ਚ ਭਾਰਤ-ਏ ਟੀਮ ਵੱਲੋਂ ਇੰਗਲੈਂਡ ਲਾਇੰਸ ਖਿਲਾਫ ਖੇਡ ਰਹੇ ਹਨ। ਇੰਗਲੈਂਡ ਲਾਇੰਸ ਖਿਲਾਫ ਅਨਆਫੀਸ਼ੀਅਲ ਟੈਸਟ 'ਚ ਉਨ੍ਹਾਂ ਨੇ ਸ਼ਾਨਦਾਰ ਪਾਰੀ ਖੇਡ ਕੇ ਆਪਣੇ ਪ੍ਰਸ਼ੰਸਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਹੈ। ਕੇ.ਐੱਲ. ਰਾਹੁਲ ਨੇ ਇੰਗਲੈਂਡ ਲਾਇੰਸ ਦੇ ਪਹਿਲੀ ਪਾਰੀ 'ਚ ਬਣਾਏ ਗਏ 340 ਦੌੜਾਂ ਦੇ ਜਵਾਬ 'ਚ ਸ਼ਾਨਦਾਰ 89 ਦੌੜਾਂ ਬਣਾਈਆਂ। ਸਿਰਫ ਰਾਹੁਲ ਨੇ ਇਸ ਲਈ 192 ਗੇਂਦਾਂ ਖੇਡ ਕੇ 11 ਚੌਕੇ ਵੀ ਲਗਾਏ।
ਜ਼ਖਮੀ ਸਾਬਕਾ ਭਾਰਤੀ ਖਿਡਾਰੀ ਜੈਕਬ ਮਾਰਟਿਨ ਦੀ ਮਦਦ ਕੀਤੀ ਸੀ ਕੇ.ਐੱਲ. ਰਾਹੁਲ ਨੇ
ਕੇ.ਐੱਲ. ਰਾਹੁਲ ਨੇ ਬੀਤੇ ਦਿਨੀਂ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਜੈਕਬ ਮਾਰਟਿਨ ਨੂੰ ਇਲਾਜ ਲਈ ਆਰਥਿਕ ਮਦਦ ਦਿੱਤੀ ਸੀ। ਦਰਅਸਲ ਜੈਕਬ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸਭ ਤੋਂ ਪਹਿਲਾਂ ਯੁਸੂਫ ਪਠਾਨ ਨੇ ਇਸ ਦੀ ਖਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਗਾਂਗੁਲੀ ਵੀ ਜੈਕਬ ਦੀ ਮਦਦ ਲਈ ਅੱਗੇ ਆਏ। ਹੁਣ ਕੇ.ਐੱਲ. ਰਾਹੁਲ ਨੇ ਜੈਕਬ ਦੇ ਇਲਾਜ ਲਈ ਵੱਡੀ ਰਕਮ ਦਿੱਤੀ ਸੀ। ਸੋਸ਼ਲ ਸਾਈਟਸ 'ਤੇ ਕ੍ਰਿਕਟ ਪ੍ਰਸ਼ੰਸਕ ਲਿਖ ਰਹੇ ਹਨ ਕਿ ਸਾਬਕਾ ਖਿਡਾਰੀ ਦੀ ਮਦਦ ਦਾ ਨੇਕ ਕੰਮ ਕਰਦੇ ਹੀ ਰਾਹੁਲ ਫਾਰਮ 'ਚ ਪਰਤਦੇ ਨਜ਼ਰ ਆ ਰਹੇ ਹਨ।
ਆਸਟਰੇਲੀਆ ਦੌਰਾ ਬਹੁਤ ਖਰਾਬ ਬੀਤਿਆ ਸੀ ਕੇ.ਐੱਲ. ਰਾਹੁਲ ਲਈ
ਕੇ.ਐੱਲ. ਰਾਹੁਲ ਲਈ ਬੀਤੇ ਸਾਲ 'ਚ ਟੀਮ ਇੰਡੀਆ ਦਾ ਆਸਟਰੇਲੀਆ ਦੌਰਾ ਬੇਹੱਦ ਖਰਾਬ ਨਿਕਲਿਆ ਸੀ। ਤਿੰਨ ਟੀ-20 'ਚ ਉਹ ਸਿਰਫ 27 ਦੌੜਾਂ ਹੀ ਬਣਾ ਸਕੇ ਸਨ। ਇਸ ਤੋਂ ਬਾਅਦ ਤਿੰਨ ਟੈਸਟ 'ਚ ਉਹ 57 ਦੌੜਾਂ ਹੀ ਬਣਾ ਸਕੇ ਸਨ। ਪਰਥ 'ਚ ਖੇਡੇ ਗਏ ਦੂਜੇ ਟੈਸਟ 'ਚ ਤਾਂ ਉਹ 2, 0 ਦਾ ਸਕੋਰ ਹੀ ਬਣਾ ਸਕੇ ਸਨ ਜਿਸ ਤੋਂ ਬਾਅਦ ਸੋਸ਼ਲ ਸਾਈਟਸ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।