IPL 2020 ਸ਼ੁਰੂ ਹੋਣ ਤੋਂ ਪਹਿਲਾਂ KKR ਨੂੰ ਝਟਕਾ, ਇਹ ਧਾਕੜ ਖਿਡਾਰੀ 3 ਮਹੀਨਿਆਂ ਲਈ ਬੈਨ

01/08/2020 3:46:41 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਬੁਖਾਰ ਕ੍ਰਿਕਟ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਕ੍ਰਿਕਟ ਦੇ ਇਸ ਮਹਾਕੁੰਭ ਭਾਵ ਆਈ. ਪੀ. ਐੱਲ. 2020 ਦਾ ਸੈਸ਼ਨ ਸ਼ੁਰੂ ਹੋਣ 'ਚ ਕੁਝ ਹੀ ਸਮਾਂ ਬਚਿਆ ਹੈ। ਜਿੱਥੇ ਹਰ ਕ੍ਰਿਕਟ ਪ੍ਰਸ਼ੰਸਕ ਇਸ ਵੱਕਾਰੀ ਲੀਗ ਦੀ ਉਡੀਕ ਕਰ ਰਿਹਾ ਹੈ, ਉੱਥੇ ਹੀ ਸਾਰੀਆਂ ਫ੍ਰੈਂਚਾਈਜ਼ੀਆਂ ਇਸ ਵਾਰ ਖਿਤਾਬ ਜਿੱਤਣ 'ਚ ਕੋਈ ਕਸਰ ਨਹੀਂ ਬਾਕੀ ਛੱਡਣਾ ਚਾਹੁੰਦੀਆਂ। ਇਸ ਦੇ ਲਈ ਸਾਰੀਆਂ ਟੀਮਾਂ ਦਾ ਮੈਨੇਜਮੈਂਟ ਸਰਵਸ੍ਰੇਸ਼ਠ ਪਲੇਇੰਗ ਇਲੈਵਨ ਮੈਦਾਨ 'ਚ ਉਤਾਰਨ ਲਈ ਖਿਡਾਰੀਆਂ ਦੀ ਪਛਾਣ 'ਚ ਰੁੱਝਿਆ ਹੈ। ਖਬਰਾਂ ਮੁਤਾਬਕ ਆਈ. ਪੀ. ਐੱਲ. 2020 ਦੀ ਸ਼ੁਰੂਆਤ 29 ਮਾਰਚ ਤੋਂ ਹੋਵੇਗੀ ਜਦਕਿ ਖਿਤਾਬੀ ਮੁਕਾਬਲਾ 24 ਮਈ ਨੂੰ ਖੇਡਿਆ ਜਾਣਾ ਹੈ। ਹਾਲਾਂਕਿ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅਭਿਨੇਤਾ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਲਈ ਬੁਰੀ ਖਬਰ ਸਾਹਮਣੇ ਆਈ ਹੈ।

PunjabKesari

ਦਰਅਸਲ, ਆਈ. ਪੀ. ਐੱਲ. 2020 ਲਈ ਖਿਡਾਰੀਆਂ ਦੀ ਨੀਲਾਮੀ 19 ਦਸੰਬਰ 2019 ਨੂੰ ਕੀਤੀ ਜਾ ਚੁੱਕੀ ਹੈ। ਇਸ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਆਸਟਰੇਲੀਆ ਦੇ ਆਫ ਸਪਿਨਰ ਕ੍ਰਿਸ ਗ੍ਰੀਨ ਨੂੰ 20 ਲੱਖ ਰੁਪਏ ਦੇ ਬੇਸ ਪ੍ਰਾਈਜ਼ ਵਿਚ ਆਪਣੇ ਨਾਲ ਜੋੜਿਆ ਸੀ। ਕੇ. ਕੇ. ਆਰ. ਦੇ ਇਸ ਬਿਹਤਰੀਨ ਆਫ ਸਪਿਨਰ 'ਤੇ ਹੁਣ 90 ਦਿਨਾਂ ਦੀ ਪਾਬੰਦੀ ਲਗਾਈ ਗਈ ਹੈ। ਬਿੱਗ ਬੈਸ਼ ਲੀਗ ਵਿਚ ਖੇਡ ਰਹੇ ਕ੍ਰਿਸ ਗ੍ਰੀਨ ਦਾ ਗੇਂਦਬਾਜ਼ੀ ਐਕਸ਼ਨ ਸ਼ੱਕੀ ਪਾਇਆ ਗਿਆ, ਜਿਸ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਨੇ ਇਹ ਫੈਸਲਾ ਲਿਆ। ਇਸ ਦਾ ਇਹ ਵੀ ਮਤਲਬ ਹੋਇਆ ਕਿ ਕ੍ਰਿਸ ਗ੍ਰੀਨ ਹੁਣ ਬਿੱਗ ਬੈਸ਼ ਦੇ ਬਚੇ ਮੈਚਾਂ ਵਿਚ ਨਹੀਂ ਖੇਡ ਸਕਣਗੇ। ਹਾਲਾਂਕਿ ਬਤੌਰ ਬੱਲੇਬਾਜ਼ ਉਸ ਦੀ ਚੋਣ ਕੀਤੀ ਜਾ ਸਕਦੀ ਹੈ ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ।

ਬਤੌਰ ਬੱਲੇਬਾਜ਼ ਖੇਡ ਸਕਣਗੇ
PunjabKesari

26 ਸਾਲ ਦੇ ਆਸਟਰੇਲੀਅਨ ਗੇਂਦਬਾਜ਼ ਕ੍ਰਿਸ ਗ੍ਰੀਨ ਦਾ ਐਤਵਾਰ ਨੂੰ ਸਿਡਨੀ ਥੰਡਰ ਅਤੇ ਮੈਲਬੋਰਨ ਸਟਾਰਸ ਵਿਚਾਲੇ ਮੁਕਾਬਲੇ ਤੋਂ ਬਾਅਦ ਟੈਸਟ ਕੀਤਾ ਗਿਆ ਸੀ। ਗ੍ਰੀਨ 'ਤੇ ਲਾਇਆ ਗਿਆ ਬੈਨ ਕੇ. ਕੇ. ਆਰ. ਲਈ ਵੀ ਚਿੰਤਾ ਦੀ ਗੱਲ ਹੈ, ਜਿਸ ਨੇ ਉਸ ਦੇ ਘਰੇਲੂ ਕ੍ਰਿਕਟ ਵਿਚ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਆਈ. ਪੀ. ਐੱਲ. ਨੀਲਾਮੀ ਵਿਚ ਖਰੀਦਿਆ ਸੀ। ਗ੍ਰੀਨ ਨੇ ਕੈਰੇਬੀਆਈ ਪ੍ਰੀਮੀਰ ਲੀਗ ਵਿਚ ਵੀ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕੀਤਾ ਸੀ। ਇੱਥੇ ਤਕ ਕਿ ਮੌਜੂਦਾ ਬਿੱਗ ਬੈਸ਼ ਲੀਗ ਵਿਚ ਉਸ ਨੇ ਪਾਵਰ ਪਲੇਅ ਵਿਚ ਬੱਲੇਬਾਜ਼ਾਂ 'ਤੇ ਕਾਬੂ ਪਾ ਕੇ ਰੱਖਿਆ ਹੈ।

ਆਈ. ਪੀ. ਐੱਲ. 'ਚ ਵੀ ਐਕਸ਼ਨ 'ਤੇ ਰੱਖੀ ਜਾਵੇਗੀ ਨਜ਼ਰ
PunjabKesari

ਹਾਲਾਂਕਿ ਕੇ. ਕੇ. ਆਰ. ਲਈ ਚੰਗੀ ਖਬਰ ਇਹ ਹੈ ਕਿ ਕ੍ਰਿਸ ਗ੍ਰੀਨ ਆਈ. ਪੀ. ਐੱਲ. ਵਿਚ ਗੇਂਦਬਾਜ਼ੀ ਕਰ ਸਕਣਗੇ, ਕਿਉਂਕਿ ਇਹ ਲੀਗ ਕ੍ਰਿਕਟ ਆਸਟਰੇਲੀਆ ਦੇ ਅਧੀਨ ਨਹੀਂ ਆਉਂਦੀ। ਬਾਵਜੂਦ ਇਸ ਦੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਗੇਂਦਬਾਜ਼ੀ ਐਕਸ਼ਨ 'ਤੇ ਆਈ. ਪੀ. ਐੱਲ. ਵਿਚ ਵੀ ਕਰੀਬੀ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਇੱਥੇ ਵੀ ਉਸ ਦਾ ਐਕਸ਼ਨ ਸ਼ੱਕੀ ਪਾਇਆ ਗਿਆ ਤਾਂ ਫਿਰ ਆਈ. ਪੀ. ਐੱਲ. ਤੋਂ ਵੀ ਉਸ ਦੀ ਛੁੱਟੀ ਹੋ ਸਕਦੀ ਹੈ।


Related News