CWC 2019 : ਕੀਵੀਆਂ ਦਾ ਟੀਚਾ ਸੈਮੀਫਾਈਨਲ; ਅੱਜ ਮੁਕਾਬਲਾ ਪਾਕਿ ਨਾਲ

Wednesday, Jun 26, 2019 - 04:54 AM (IST)

CWC 2019 : ਕੀਵੀਆਂ ਦਾ ਟੀਚਾ ਸੈਮੀਫਾਈਨਲ; ਅੱਜ ਮੁਕਾਬਲਾ ਪਾਕਿ ਨਾਲ

ਬਰਮਿੰਘਮ— ਆਈ. ਸੀ. ਸੀ. ਵਿਸ਼ਵ ਕੱਪ ਵਿਚ ਅਜੇਤੂ ਰਹਿ ਕੇ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ਼ ਨਿਊਜ਼ੀਲੈਂਡ ਬੁੱਧਵਾਰ ਨੂੰ ਆਖਰੀ ਉਮੀਦ ਲਈ ਸੰਘਰਸ਼ ਕਰ ਰਹੀ ਪਾਕਿਸਤਾਨ ਦੇ ਅੜਿੱਕੇ ਨੂੰ ਪਾਰ ਕਰ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ।
ਨਿਊਜ਼ੀਲੈਂਡ ਨੇ ਆਪਣੇ ਪਿਛਲੇ 6 ਮੈਚਾਂ ਵਿਚੋਂ 5 ਜਿੱਤੇ ਹਨ ਜਦਕਿ ਭਾਰਤ ਦੇ ਨਾਲ ਉਸਦਾ ਮੈਚ ਮੀਂਹ ਕਾਰਣ ਰੱਦ ਰਿਹਾ ਸੀ ਅਤੇ ਉਹ 11 ਅੰਕਾਂ ਨਾਲ ਚੋਟੀ 'ਤੇ ਹੈ। ਉਥੇ ਹੀ ਪਾਕਿਸਤਾਨ ਨੇ ਉਤਰਾਅ-ਚੜਾਅ ਦੇ ਦੌਰ ਤੋਂ ਬਾਅਦ ਕੁਝ ਲੈਅ ਹਾਸਲ ਕੀਤੀ ਹੈ ਪਰ ਉਸਦੇ ਲਈ ਬਾਕੀ ਬਚੇ ਸਾਰੇ ਮੈਚ ਕਰੋ ਜਾਂ ਮਰੋ ਦੀ ਸਥਿਤੀ ਵਾਲੇ ਹੋ ਗਏ ਹਨ। ਉਹ 6 ਮੈਚਾਂ ਵਿਚੋਂ 2 ਹੀ ਜਿੱਤ ਸਕੀ ਹੈ ਅਤੇ 3 ਹਾਰੇ ਹਨ ਜਦਕਿ ਇਕ ਵਿਚ ਕੋਈ ਨਤੀਜਾ ਨਹੀਂ ਰਿਹਾ। ਉਹ 5 ਅੰਕ ਲੈ ਕੇ 7ਵੇਂ ਨੰਬਰ 'ਤੇ ਹੈ। ਪਾਕਿਸਤਾਨੀ ਟੀਮ ਨੂੰ ਦੱਖਣੀ ਅਫਰੀਕਾ ਵਿਰੁੱਧ ਪਿਛਲੇ  ਮੈਚ ਵਿਚ ਮਿਲੀ ਜਿੱਤ ਤੋਂ ਬਾਅਦ ਕੁਝ ਉਮੀਦਾਂ ਬੱਝੀਆਂ ਹਨ ਅਤੇ ਉਹ ਫਿਲਹਾਲ ਮੁਕਾਬਲੇ ਵਿਚ ਬਣੀ ਹੋਈ ਹੈ। ਹਾਲਾਂਕਿ ਨਿਊਜ਼ੀਲੈਂਡ ਤੋਂ ਮੈਚ ਜਿੱਤਣਾ ਉਸਦੇ ਲਈ ਹੁਣ ਜ਼ਰੂਰੀ ਹੋ ਗਿਆ ਹੈ ਅਤੇ ਹਾਰ ਜਾਣ ਦੀ ਸਥਿਤੀ ਵਿਚ ਉਸਦਾ ਬੋਰੀਆ-ਬਿਸਤਰਾ ਗੋਲ ਹੋ ਜਾਵੇਗਾ।
ਪੁਰਾਣੇ ਵਿਰੋਧੀ ਭਾਰਤ ਹੱਥੋਂ ਹਾਰ ਜਾਣ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਕਾਫੀ ਆਲੋਚਨਾ ਝੱਲਣੀ ਪਈ ਸੀ ਪਰ ਅਫਰੀਕੀ ਟੀਮ ਵਿਰੁੱਧ 49 ਦੌੜਾਂ ਨਾਲ ਮਿਲੀ ਜਿੱਤ ਨੇ ਉਸਦਾ ਮਨੋਬਲ ਵਾਪਸ ਹਾਸਲ ਕੀਤਾ ਹੈ।  ਸਰਫਰਾਜ਼ ਅਹਮਿਦ ਦੀ ਟੀਮ ਨੂੰ ਹਾਲਾਂਕਿ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਟੀਮ ਨਿਊਜ਼ੀਲੈਂਡ ਵਿਰੁੱਧ ਕਾਫੀ ਮਿਹਨਤ ਕਰਨੀ ਪਵੇਗੀ।
ਪਾਕਿਸਤਾਨ ਦਾ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ 'ਤੇ ਦਬਦਬਾ ਰਿਹਾ ਹੈ ਅਤੇ 8 ਮੈਚਾਂ ਵਿਚੋਂ ਉਸ ਨੇ 6 ਜਿੱਤੇ ਹਨ ਪਰ ਮੌਜੂਦਾ ਸਮੇਂ ਵਿਚ ਕੀਵੀ ਟੀਮ ਫਿਲਹਾਲ ਸਭ 'ਤੇ ਭਾਰੀ ਹੈ ਅਤੇ ਐਜਬਸਟਨ ਵਿਚ ਵੀ ਉਸਦਾ ਪੱਲੜਾ ਭਾਰੀ ਮੰਨਿਆ ਜਾ ਰਿਹਾ ਹੈ। ਕੇਨ ਵਿਲੀਅਮਸਨ ਦੀ ਟੀਮ ਨੂੰ ਹਾਲਾਂਕਿ ਉਲਟਫੇਰ ਤੋਂ ਬਚਣ ਲਈ ਹਰ ਵਿਭਾਗ ਵਿਚ ਚੰਗੀ ਖੇਡ ਦਿਖਾਉਣੀ ਪਵੇਗੀ। ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਿਰੁੱਧ ਕਪਤਾਨ ਵਿਲੀਅਮਸਨ ਦੇ ਸੈਂਕੜਿਆਂ ਨੇ ਹੀ ਟੀਮ ਨੂੰ ਜਿੱਤ ਦਿਵਾਈ ਸੀ।
ਕੀਵੀ ਕਪਤਾਨ ਟੀਮ ਦਾ ਮਜ਼ਬੂਤ ਬੱਲੇਬਾਜ਼ ਹੈ ਅਤੇ ਵਿਸ਼ਵ ਕੱਪ ਵਿਚ ਫਿਲਹਾਲ ਟਾਪ ਸਕੋਰਰ ਬਣਿਆ ਹੋਇਆ ਹੈ। ਰੋਸ ਟੇਲਰ ਟੀਮ ਦਾ ਹੋਰ ਮਜ਼ਬੂਤ ਸਕੋਰਰ ਹੈ ਪਰ ਓਪਨਰ ਕੌਲਿਨ ਮੁਨਰੋ ਅਤੇ ਮਾਰਟਿਨ ਗੁਪਟਿਲ ਨੇ ਬਹੁਤ ਪ੍ਰਭਾਵਿਤ ਨਹੀਂ ਕੀਤਾ। ਗੇਂਦਬਾਜ਼ਾਂ ਵਿਚ ਟੀਮ ਨੂੰ ਟ੍ਰੇਂਟ ਬੋਲਟ ਅਤੇ ਲਾਕੀ ਫਰਗਿਊਸਨ ਤੋਂ ਕਾਫੀ ਉਮੀਦਾਂ ਰਹਿਣਗੀਆਂ, ਜਿਹੜੇ ਚੰਗੀ ਫਾਰਮ ਵਿਚ ਚੱਲ ਰਹੇ ਹਨ। ਇਸ ਦੇ ਇਲਾਵਾ ਕੌਲਿਨ ਡੀ ਗ੍ਰੈਂਡਹੋਮ ਅਤੇ ਜਿਮੀ ਨੀਸ਼ਮ ਦੋਵੇਂ ਬਿਹਤਰੀਨ ਆਲਰਾਊਂਡਰ ਹਨ।


author

Gurdeep Singh

Content Editor

Related News