ਜਾਪਾਨ ਓਪਨ : ਸ਼੍ਰੀਕਾਂਤ ਦੀ ਹਾਰ ਦੇ ਨਾਲ ਭਾਰਤੀ ਚੁਣੌਤੀ ਖ਼ਤਮ
Saturday, Sep 15, 2018 - 11:58 AM (IST)
ਟੋਕੀਓ— ਸਤਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਦੀ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ 'ਚ ਹਾਰ ਦੇ ਨਾਲ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਖਤਮ ਹੋ ਗਈ। ਸ਼੍ਰੀਕਾਂਤ ਨੂੰ ਗੈਰ ਦਰਜਾ ਪ੍ਰਾਪਤ ਕੋਰੀਆ ਦੇ ਲੀ ਡੋਂਗ ਕਿਊਨ ਨੇ ਤਿੰਨ ਗੇਮਾਂ ਦੇ ਸਖਤ ਸੰਘਰਸ਼ 'ਚ 19-21, 21-16, 21-18 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਕੋਰੀਆਈ ਖਿਡਾਰੀ ਨੇ ਇਹ ਮੁਕਾਬਲਾ ਇਕ ਘੰਟੇਂ 19 ਮਿੰਟ ਦੇ ਸੰਘਰਸ਼ ਨਾਲ ਜਿੱਤਿਆ। ਸ਼੍ਰੀਕਾਂਤ ਨੇ ਪਹਿਲਾ ਗੇਮ ਨਜ਼ਦੀਕੀ ਮੁਕਾਬਲੇ 'ਚ ਜਿੱਤਿਆ ਪਰ ਦੂਜੇ ਗੇਮ 'ਚ ਉਹ ਇਸ ਲੈਅ ਨੂੰ ਕਾਇਮ ਨਾ ਰੱਖ ਸਕੇ। ਫੈਸਲਾਕੁੰਨ ਗੇਮ 'ਚ ਸ਼੍ਰੀਕਾਂਤ ਅੱਧੇ ਸਫਰ ਤੱਕ ਪਿਛੜੇ ਰਹੇ।
ਉਨ੍ਹਾਂ ਨੇ 9-11 ਦੇ ਸਕੋਰ 'ਤੇ ਲਗਾਤਾਰ ਚਾਰ ਅੰਕ ਲਏ ਅਤੇ 13-11 ਦੀ ਬੜ੍ਹਤ ਬਣਾ ਲਈ। ਸ਼੍ਰੀਕਾਂਤ ਫਿਰ 14-13, 15-14 ਨਾਲ ਅੱਗੇ ਹੋਏ। ਇਹ ਉਹ ਮੌਕਾ ਸੀ ਜਦੋਂ ਉਹ ਮੈਚ 'ਚ ਆਪਣੀ ਪਕੜ ਬਣਾ ਸਕਦੇ ਸੀ ਪਰ ਕੋਰੀਆਈ ਖਿਡਾਰੀ ਨੇ ਲਗਾਤਾਰ ਤਿੰਨ ਅੰਕ ਲੈ ਕੇ 17-15 ਦੀ ਬੜ੍ਹਤ ਬਣਾ ਲਈ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਕਿਊਨ ਨੇ 19-18 ਦੇ ਸਕੋਰ 'ਤੇ ਲਗਾਤਾਰ ਦੋ ਅੰਕ ਲਏ ਅਤੇ 21-18 'ਤੇ ਗੇਮ ਅਤੇ ਮੈਚ ਸਮਾਪਤ ਕਰਦੇ ਹੋਏ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਵਿਸ਼ਵ ਰੈਂਕਿੰਗ 'ਚ ਅੱਠਵੇਂ ਨੰਬਰ ਦੇ ਭਾਰਤੀ ਖਿਡਾਰੀ ਦਾ 33ਵੀਂ ਰੈਂਕਿੰਗ ਦੇ ਕੋਰੀਆਈ ਖਿਡਾਰੀ ਦੇ ਖਿਲਾਫ ਹੁਣ 0-2 ਦਾ ਰਿਕਾਰਡ ਹੋ ਗਿਆ ਹੈ। ਸ਼੍ਰੀਕਾਂਤ 2016 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਇਸੇ ਖਿਡਾਰੀ ਤੋਂ ਹਾਰੇ ਸਨ।