IPL 2022: ਕੇਵਿਨ ਪੀਟਰਸਨ ਨੇ ਜੋਸ ਬਟਲਰ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

04/26/2022 4:17:20 PM

ਮੁੰਬਈ (ਏਜੰਸੀ)- ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਚੱਲ ਰਹੇ ਸੀਜ਼ਨ 'ਚ ਹੁਣ ਤੱਕ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀ-20 ਲੀਗ 'ਚ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਹੇਗਾ, ਕਿਉਂਕਿ ਉਹ ਬੇਮਿਸਾਲ ਫਾਰਮ 'ਚ ਹਨ। ਇੰਗਲੈਂਡ ਦੇ ਬੱਲੇਬਾਜ਼ ਬਟਲਰ ਵਧੀਆ ਫਾਰਮ 'ਚ ਚੱਲ ਰਹੇ ਹਨ ਅਤੇ ਹੁਣ ਤੱਕ 7 ਮੈਚਾਂ ਵਿਚ ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਸ ਖ਼ਿਲਾਫ਼ ਤਿੰਨ ਸੈਂਕੜੇ ਲਗਾ ਚੁੱਕੇ ਹਨ।

ਪੀਟਰਸਨ ਨੇ ਕਿਹਾ, ''ਸਾਡੇ ਕੋਲ ਵਿਸ਼ੇਸ਼ਣ ਅਤੇ ਉੱਤਮਤਾ ਦੀ ਕਮੀ ਹੋ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਪਾਰੀਆਂ ਕਾਰਨ ਹੀ ਆਈ.ਪੀ.ਐੱਲ. ਸ਼ਾਨਦਾਰ ਹੋਇਆ ਹੈ।' ਉਨ੍ਹਾਂ ਕਿਹਾ, “ਦਰਸ਼ਕ ਇਨ੍ਹਾਂ ਨੂੰ ਪਸੰਦ ਕਰਦੇ ਹਨ, ਸਾਨੂੰ ਇਹ ਪਸੰਦ ਹਨ, ਸਟੂਡੀਓ ਵਿੱਚ ਹਰ ਕੋਈ ਇਨ੍ਹਾਂ ਨੂੰ ਪਸੰਦ ਕਰਦਾ ਹੈ। ਮੇਰਾ ਮਤਲਬ ਹੈ ਕਿ ਉਨ੍ਹਾਂ ਨੇ ਕੁਝ ਅਜਿਹੇ ਸ਼ਾਟ ਖੇਡੇ, ਜੋ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ। ਤੁਸੀਂ ਇਸ ਤਰ੍ਹਾਂ ਦੇ ਸ਼ਾਟ ਦਾ ਅਭਿਆਸ ਨਹੀਂ ਕਰ ਸਕਦੇ।' ਇੰਗਲੈਂਡ ਦੇ ਇਸ ਸਾਬਕਾ ਕਪਤਾਨ ਨੇ ਕਿਹਾ, ''ਇਹ ਸ਼ਾਟ ਜਾਂ ਤਾਂ ਤੁਹਾਡੇ ਕੋਲ ਹੋਣਗੇ ਜਾਂ ਫਿਰ ਨਹੀਂ ਹੋਣਗੇ। ਉਹ ਬਹੁਤ ਹੀ ਪ੍ਰਤਿਭਾਸ਼ਾਲੀ ਖਿਡਾਰੀ ਹਨ ਅਤੇ ਬੇਮਿਸਾਲ ਫਾਰਮ ਵਿਚ ਹਨ। ਜਦੋਂ ਉਹ ਇਸ ਤਰ੍ਹਾਂ ਬੱਲੇਬਾਜ਼ੀ ਕਰਦੇ ਹਨ, ਤਾਂ ਤੁਸੀਂ ਸਿਰਫ਼ ਇਹੀ ਕਹਿ ਸਕਦੇ ਹੋ ਕਿ ਉਹ ਕਿੰਨੇ ਸ਼ਾਨਦਾਰ ਹਨ। ਉਹ ਸਮਾਂ ਲੈਂਦੇ ਹਨ ਅਤੇ ਫਿਰ ਫ਼ਾਇਦਾ ਚੁੱਕਦੇ ਹਨ।' ਦਿੱਲੀ ਕੈਪੀਟਲਜ਼ ਖ਼ਿਲਾਫ਼ ਬਟਲਰ ਨੇ 65 ਗੇਂਦਾਂ ਵਿਚ 116 ਦੌੜਾਂ ਦੀ ਆਪਣੀ ਪਾਰੀ ਦੌਰਾਨ 9 ਛੱਕੇ ਅਤੇ ਇੰਨੇ ਹੀ ਚੌਕੇ ਲਗਾਏ, ਜਿਸ ਨਾਲ ਰਾਜਸਥਾਨ ਰਾਇਲਜ਼ ਨੇ 2 ਵਿਕਟਾਂ 'ਤੇ 222 ਦੌੜਾਂ ਬਣਾਈਆਂ।


cherry

Content Editor

Related News