ਕਰਨਾਟਕ ਬਣਿਆ ਘਰੇਲੂ ਵਨ ਡੇ ਕ੍ਰਿਕਟ ਦਾ ਬਾਦਸ਼ਾਹ

Tuesday, Feb 27, 2018 - 10:26 PM (IST)

ਨਵੀਂ ਦਿੱਲੀ—ਜ਼ਬਰਦਸਤ ਫਾਰਮ 'ਚ ਚੱਲ ਰਹੇ ਓਪਨਰ ਮਯੰਕ ਅਗਰਵਾਲ (90) ਦੀ ਇਕ ਹੋਰ ਬਿਹਤਰੀਨ ਪਾਰੀ ਤੇ ਆਫ ਸਪਿਨਰ ਕ੍ਰਿਸ਼ਣੱਪਾ ਗੌਤਮ (27 ਦੌੜਾਂ 'ਤੇ 3 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਰਨਾਟਕ ਨੇ ਸੌਰਾਸ਼ਟਰ ਨੂੰ ਮੰਗਲਵਾਰ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ 41 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ਜਿੱਤ ਲਿਆ। ਕਰਨਾਟਕ ਨੇ 45.5 ਓਵਰਾਂ 'ਚ 253 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਸੌਰਾਸ਼ਟਰ ਨੇ ਆਪਣੀਆਂ 8 ਵਿਕਟਾਂ ਸਿਰਫ 135 ਦੌੜਾਂ ਤਕ ਗੁਆ ਦਿੱਤੀਆਂ ਪਰ ਭਾਰਤੀ ਟੈਸਟ ਬੱਲੇਬਾਜ਼ ਤੇ ਕਪਤਾਨ ਚੇਤੇਸ਼ਵਰ ਪੁਜਾਰਾ ਨੇ 94 ਦੌੜਾਂ ਦੀ ਪਾਰੀ ਖੇਡ ਕੇ ਸੌਰਾਸ਼ਟਰ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਪੁਜਾਰਾ ਜਦੋਂ ਆਪਣੇ ਸੈਂਕੜੇ ਤੋਂ ਛੇ ਦੌੜਾਂ ਦੂਰ ਸੀ ਤਾਂ ਉਹ ਵਿਰੋਧੀ ਕਪਤਾਨ ਕਰੁਣ ਨਾਇਰ ਦੀ ਥ੍ਰੋਅ 'ਤੇ ਰਨ ਆਊਟ ਹੋ ਗਿਆ। ਪੁਜਾਰਾ ਦੇ ਆਊਟ ਹੁੰਦਿਆਂ ਹੀ ਸੌਰਾਸ਼ਟਰ ਦੀਆਂ ਉਮੀਦਾਂ ਟੁੱਟ ਗਈਆਂ ਤੇ ਟੀਮ 46.3 ਓਵਰਾਂ 'ਚ 212 ਦੌੜਾਂ 'ਤੇ ਢੇਰ ਹੋ ਗਈ।
ਕਰਨਾਟਕ ਨੇ ਇਸ ਤਰ੍ਹਾਂ ਤੀਜੀ ਵਾਰ ਵਿਜੇ ਹਜ਼ਾਰੇ ਟਰਾਫੀ ਜਿੱਤਣ ਦਾ ਮਾਣ ਹਾਸਲ ਕਰ ਲਿਆ। ਕਰਨਾਟਕ ਨੇ ਇਸ ਤੋਂ ਪਹਿਲਾਂ 2013-14 ਤੇ 2014-15 'ਚ ਟਰਾਫੀ ਜਿੱਤੀ ਸੀ। ਸੌਰਾਸ਼ਟਰ ਦਾ ਇਸ ਹਾਰ ਤੋਂ ਬਾਅਦ 2007-08 ਤੋਂ ਬਾਅਦ ਪਹਿਲੀ ਵਾਰ ਇਹ ਟਰਾਫੀ ਜਿੱਤਣ ਦਾ ਸੁਪਨਾ ਟੁੱਟ ਗਿਆ। ਸੌਰਾਸ਼ਟਰ ਨੂੰ ਆਪਣੇ ਕਪਤਾਨ ਪੁਜਾਰਾ ਤੋਂ ਕਾਫੀ ਉਮੀਦਾਂ ਸਨ ਪਰ ਟੀਮ ਨੂੰ ਚੋਟੀ ਤੇ ਮੱਧਕ੍ਰਮ ਦੀ ਨਾਕਾਮੀ ਕਾਫੀ ਮਹਿੰਗੀ ਪਈ। ਸੌਰਾਸ਼ਟਰ ਨੇ 2 ਵਿਕਟਾਂ 'ਤੇ 77 ਦੌੜਾਂ ਦੀ ਸੁਖਦਾਈ ਸਥਿਤੀ ਤੋਂ ਆਪਣੀਆਂ ਅਗਲੀਆਂ ਚਾਰ ਵਿਕਟਾਂ ਸਿਰਫ 24 ਦੌੜਾਂ ਜੋੜ ਕੇ ਗੁਆ ਦਿੱਤੀਆਂ।
ਸੌਰਾਸ਼ਟਰ ਨੇ ਆਪਣੀ 7ਵੀਂ ਵਿਕਟ 134 ਤੇ 8ਵੀਂ ਵਿਕਟ 135 ਦੌੜਾਂ 'ਤੇ ਗੁਆਈ। ਪੁਜਾਰਾ ਨੇ ਇਕਤਰਫਾ ਸੰਘਰਸ਼ ਕਰਦਿਆਂ 127 ਗੇਂਦਾਂ 'ਤੇ 10 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਸ਼ਾਨਦਾਰ 94 ਦੌੜਾਂ ਬਣਾਈਆਂ। ਪੁਜਾਰਾ ਨੇ ਕਮਲੇਸ਼ ਮਕਵਾਨਾ (ਅਜੇਤੂ 20) ਨਾਲ 9ਵੀਂ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ।
ਜਦੋਂ ਅਜਿਹਾ ਲੱਗ ਰਿਹਾ ਸੀ ਕਿ ਪੁਜਾਰਾ ਮੈਚ ਨੂੰ ਆਖਰੀ ਓਵਰ ਤਕ ਫਸਾ ਦੇਵੇਗਾ ਪਰ ਉਦੋਂ ਉਹ ਨਾਇਰ ਵਲੋਂ ਰਨ ਆਊਟ ਕਰ ਦਿੱਤਾ ਗਿਆ। ਪੁਜਾਰਾ ਦੀ ਵਿਕਟ ਟੀਮ ਦੇ 200 ਦੇ ਸਕੋਰ 'ਤੇ ਡਿਗੀ ਤੇ 212 ਦੌੜਾਂ 'ਤੇ ਉਸ ਦੀ ਪੂਰੀ ਪਾਰੀ ਸਿਮਟ ਗਈ। ਇਸ ਤੋਂ ਪਹਿਲਾਂ ਮਯੰਕ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ 79 ਗੇਂਦਾਂ 'ਚ 11 ਚੌਕੇ ਤੇ 3 ਛੱਕੇ ਲਾ ਕੇ 90 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ 2 ਵਿਕਟਾਂ 'ਤੇ 5 ਦੌੜਾਂ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਲਿਆ। ਕਪਤਾਨ ਕਰੁਣ ਨਾਇਰ ਤੇ ਲੋਕੇਸ਼ ਰਾਹੁਲ ਖਾਤਾ ਖੋਲ੍ਹੇ ਬਿਨਾਂ ਆਊਟ ਹੋਇਆ ਪਰ ਮਯੰਕ ਨੇ ਜ਼ਬਰਦਸਤ ਪਾਰੀ ਖੇਡੀ।
ਇਸ ਸੈਸ਼ਨ 'ਚ ਸਾਰੇ ਸਵਰੂਪਾਂ ਵਿਚ 2000 ਤੋਂ ਵੱਧ ਦੌੜਾਂ ਬਣਾ ਚੁੱਕੇ ਮਯੰਕ ਦਾ ਟੂਰਨਾਮੈਂਟ ਵਿਚ 8 ਪਾਰੀਆਂ ਵਿਚ ਇਹ 7ਵਾਂ 80 ਤੋਂ ਵੱਧ ਦਾ ਸਕੋਰ ਸੀ। ਉਸ ਨੇ ਮਹਾਰਾਸ਼ਟਰ ਵਿਰੁੱਧ ਸੈਮੀਫਾਈਨਲ 'ਚ ਵੀ 86 ਗੇਂਦਾਂ 'ਚ 81 ਦੌੜਾਂ ਬਣਾਈਆਂ ਸਨ। ਮਯੰਕ ਨੂੰ 'ਮੈਨ ਆਫ ਦਿ ਮੈਚ' ਪੁਰਸਕਾਰ ਮਿਲਿਆ। ਜੇਤੂ ਟਰਾਫੀ ਜਿੱਤਦਿਆਂ ਹੀ ਕਰਨਾਟਕ ਦੇ ਸਾਰੇ ਖਿਡਾਰੀ ਜਸ਼ਨ 'ਚ ਡੁੱਬ ਗਏ।


Related News