ਓਲੰਪਿਕ ਲਈ ਜਾਣ ਵਾਲੇ ਖਿਡਾਰੀਆਂ ਨੂੰ ਕਪਿਲ ਦੇਵ ਨੇ ਦਿੱਤੀ ਇਹ ਸਲਾਹ

Wednesday, Jul 17, 2024 - 06:12 PM (IST)

ਓਲੰਪਿਕ ਲਈ ਜਾਣ ਵਾਲੇ ਖਿਡਾਰੀਆਂ ਨੂੰ ਕਪਿਲ ਦੇਵ ਨੇ ਦਿੱਤੀ ਇਹ ਸਲਾਹ

ਨਵੀਂ ਦਿੱਲੀ— ਭਾਰਤ ਦੀ 1983 ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਅਤੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ.ਜੀ.ਟੀ.ਆਈ.) ਦੇ ਪ੍ਰਧਾਨ ਕਪਿਲ ਦੇਵ ਨੇ ਬੁੱਧਵਾਰ ਨੂੰ ਓਲੰਪਿਕ ਜਾਣ ਵਾਲੇ ਭਾਰਤੀ ਖਿਡਾਰੀਆਂ ਨੂੰ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਦੇ ਮਹਾਕੁੰਭ 'ਚ ਖੁੱਲ੍ਹ ਕੇ ਖੇਡਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਦੇਸ਼ ਪੈਰਿਸ ਵਿੱਚ ਦੋਹਰੇ ਅੰਕਾਂ ਵਿੱਚ ਤਗਮੇ ਜਿੱਤੇਗਾ। ਪੈਰਿਸ ਵਿਚ ਭਾਰਤ ਦੀ ਨੁਮਾਇੰਦਗੀ 117 ਮੈਂਬਰੀ ਦਲ ਕਰੇਗੀ ਅਤੇ ਦੇਸ਼ ਟੋਕੀਓ ਵਿਚ ਜਿੱਤੇ ਗਏ ਸੱਤ ਤਗਮਿਆਂ ਦੀ ਸੰਖਿਆ ਨੂੰ ਬਿਹਤਰ ਬਣਾਉਣ ਦੀ ਉਮੀਦ ਕਰ ਰਿਹਾ ਹੈ।

ਟ੍ਰਿਨਿਟੀ ਗੋਲਫ ਚੈਂਪੀਅਨਜ਼ ਲੀਗ (TGCL) ਦੇ ਦੂਜੇ ਸੀਜ਼ਨ ਦੀ ਘੋਸ਼ਣਾ 'ਤੇ ਬੋਲਦਿਆਂ ਕਪਿਲ ਨੇ ਕਿਹਾ, 'ਮੈਂ ਕਿਸੇ ਵੀ ਖਿਡਾਰੀ ਲਈ ਕੁਝ ਨਹੀਂ ਕਹਿ ਸਕਦਾ, ਪਰ ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇ ਸਕਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਅਸੀਂ ਇਸ ਸਾਲ ਹੋਰ ਤਗਮੇ ਜਿੱਤਾਂਗੇ। ਅਤੇ ਇਹ ਮਹੱਤਵਪੂਰਨ ਹੈ।' ਉਸ ਨੇ ਕਿਹਾ, 'ਸਾਰੇ (ਭਾਰਤੀ ਖਿਡਾਰੀਆਂ) ਨੂੰ ਮੇਰੀ ਸਲਾਹ ਹੈ ਕਿ ਉਹ ਜਾ ਕੇ ਆਪਣੇ ਆਪ ਨੂੰ ਪ੍ਰਗਟ ਕਰਨ, ਖੁੱਲ੍ਹ ਕੇ ਖੇਡਣ। ਅਸੀਂ ਇਹ ਉਮੀਦ ਕਿਉਂ ਨਾ ਕਰੀਏ ਕਿ ਅਸੀਂ ਦੋਹਰੇ ਅੰਕਾਂ ਦੇ ਤਗਮੇ ਜਿੱਤਾਂਗੇ?

ਕਪਿਲ ਨੇ ਹਾਲਾਂਕਿ ਭਾਰਤੀ ਕ੍ਰਿਕਟ ਅਤੇ ਨਵੇਂ ਨਿਯੁਕਤ ਮੁੱਖ ਕੋਚ ਗੌਤਮ ਗੰਭੀਰ 'ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਉਸ ਨੇ ਕਿਹਾ, 'ਜੇਕਰ ਗੌਤਮ ਗੰਭੀਰ ਉਹ ਅਹੁਦਾ (ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦਾ ਅਹੁਦਾ) ਸੰਭਾਲ ਰਹੇ ਹਨ ਤਾਂ ਮੈਂ ਉਸ ਨੂੰ ਅਤੇ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਉਹ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨਗੇ। ਮੈਂ ਭਾਰਤੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ।

ਗੋਲਫ ਦੇ ਸ਼ੌਕੀਨ ਕਪਿਲ ਨੇ ਉਮੀਦ ਜਤਾਈ ਕਿ ਇਹ ਖੇਡ ਦੇਸ਼ 'ਚ ਅੱਗੇ ਵਧਦੀ ਰਹੇਗੀ। ਉਸ ਨੇ ਕਿਹਾ, 'ਜਦੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਇਸ ਉਚਾਈ ਤੱਕ ਪਹੁੰਚ ਜਾਵੇਗਾ। ਮੈਨੂੰ ਉਮੀਦ ਹੈ ਕਿ ਇਕ ਦਿਨ ਗੋਲਫ ਵੀ ਕ੍ਰਿਕਟ ਦੀਆਂ ਉਚਾਈਆਂ 'ਤੇ ਪਹੁੰਚ ਜਾਵੇਗਾ।


author

Tarsem Singh

Content Editor

Related News