ਜਾਪਾਨ ਖੇਡਾਂ ਦੇ ਆਯੋਜਨ ਨੂੰ ਲੈ ਕੇ ‘ਸ਼ਸ਼ੋਪੰਜ’ ’ਚ : ਓਲੰਪੀਅਨ ਯਾਮਾਗੁਚੀ
Friday, Jun 04, 2021 - 05:29 PM (IST)
ਟੋਕੀਓ— ਜਾਪਾਨ ਦੀਆਂ ਸਭ ਤੋਂ ਮਸ਼ਹੂਰ ਓਲੰਪੀਅਨਾਂ ’ਚੋਂ ਇਕ ਤੇ ਜਾਪਾਨੀ ਓਲੰਪਿਕ ਕਮੇਟੀ ਦੀ ਕਾਰਜਕਾਰੀ ਮੈਂਬਰ ਕਾਓਰੀ ਯਾਮਾਗੁਚੀ ਦਾ ਮੰਨਣਾ ਹੈ ਕਿ ਜਾਪਾਨ ਕੋਵਿਡ-19 ਮਹਾਮਾਰੀ ਵਿਚਾਲੇ ਟੋਕੀਓ ਖੇਡਾਂ ਦੇ ਆਯੋਜਨ ਨੂੰ ਲੈ ਕੇ ‘ਸ਼ਸ਼ੋਪੰਜ’ ’ਚ ਹੈ। ਸ਼ੁੱਕਰਵਾਰ ਨੂੰ ਛਪੇ ਇਕ ਸੰਪਾਦਕੀ ’ਚ ਯਾਮਾਗੁਚੀ ਨੇ ਬੇਬਾਕੀ ਨਾਲ ਕਿਹਾ ਕਿ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.), ਸਰਕਾਰ ਤੇ ਸਥਾਨਕ ਆਯੋਜਕ ਜਾਪਾਨੀ ਜਨਤਾ ਦੇ ਓਲੰਪਿਕ ਦੇ ਵਿਆਪਕ ਵਿਰੋਧ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਵੱਖ-ਵੱਖ ਰਾਇਸ਼ੁਮਾਰੀਆਂ ’ਚ ਜਾਪਾਨ ਦੀ 50 ਤੋਂ 80 ਫ਼ੀਸਦੀ ਜਨਤਾ ਨੇ ਓਲੰਪਿਕ ਖ਼ਿਲਾਫ਼ ਆਪਣੀ ਰਾਏ ਦਿੱਤੀ ਹੈ।
ਯਾਮਾਗੁਚੀ ਨੇ ਅੱਗੇ ਲਿਖਿਆ, ਅਸੀਂ ਇਕ ਅਜਿਹੀ ਸਥਿਤੀ ’ਚ ਫਸ ਗਏ ਹਾਂ ਜਿੱਥੇ ਹੁਣ ਅਸੀਂ ਰੁਕ ਵੀ ਨਹੀਂ ਸਕਦੇ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਨੂੰ ਨੁਕਸਾਨ ਹੋਵੇਗਾ ਤੇ ਜੇਕਰ ਅਸੀਂ ਨਹੀਂ ਕਰਦੇ ਤਾਂ ਵੀ ਸਾਨੂੰ ਬਹੁਤ ਨੁਕਸਾਨ ਹੋਵੇਗਾ।’’ ਉਨ੍ਹਾਂ ਕਿਹਾ, ‘‘ਅਜਿਹਾ ਲਗਦਾ ਹੈ ਕਿ ਆਈ. ਓ ਸੀ. ਲਈ ਜਾਪਾਨ ਦੀ ਜਨਤਾ ਦੀ ਰਾਏ ਕੋਈ ਮਾਇਨੇ ਨਹੀਂ ਰਖਦੀ ਹੈ।’’ ਤਸੁਕੁਬਾ ਯੂਨੀਵਰਸਿਟੀ ’ਚ ਪੜ੍ਹਾਉਣ ਵਾਲੀ ਯਾਮਾਗੁਚੀ ਨੇ 1988 ਓਲੰਪਿਕ ’ਚ ਜੂਡੋ ’ਚ ਕਾਂਸੀ ਤਮਗ਼ਾ ਜਿੱਤਿਆ ਸੀ ਤੇ ਉਹ ਸਾਬਕਾ ਵਿਸ਼ਵ ਚੈਂਪੀਅਨ ਹੈ। ਉਨ੍ਹਾਂ ਸਵਾਲ ਕੀਤਾ, ‘‘ਇਹ ਓਲੰਪਿਕ ਕਿਉਂ ਤੇ ਕਿਸ ਲਈ ਹੋਵੇਗਾ। ਇਸ ਆਯੋਜਨ ਦਾ ਪੱਧਰ ਪਹਿਲਾਂ ਹੀ ਘੱਟ ਹੋ ਗਿਆ ਹੈ ਤੇ ਮੈਨੂੰ ਲਗਦਾ ਹੈ ਕਿ ਅਸੀਂ ਇਸ ਨੂੰ ਰੱਦ ਕਰਨ ਦੇ ਮੌਕੇ ਤੋਂ ਖੁੰਝੇ ਗਏ ਹਾਂ।