ਕੰਗਾਰੂਆਂ ਦਾ ਵੱਡਾ ਕਾਰਨਾਮਾ, 11 ਸਾਲ ਬਾਅਦ ਭਾਰਤ ਨੂੰ ਟੀ-20 ਸੀਰੀਜ਼ ''ਚ ਹਰਾਇਆ

Thursday, Feb 28, 2019 - 01:26 AM (IST)

ਬੈਂਗਲੁਰੂ— ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਦੂਸਰੇ ਤੇ ਆਖਰੀ ਟੀ-20 ਮੈਚ 'ਚ ਆਸਟਰੇਲੀਆ ਨੇ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ 2 ਮੈਚਾਂ ਦੀ ਟੀ-20 ਸੀਰੀਜ਼ ਆਪਣੇ ਨਾਂ ਕਰ ਲਈ ਹੈ। ਕੰਗਾਰੂ ਟੀਮ ਨੇ ਭਾਰਤ ਨੂੰ ਪਹਿਲੇ ਟੀ-20 ਮੈਚ 'ਚ 3 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਹੁਣ ਦੂਜੇ ਟੀ-20 ਮੈਚ 'ਚ 7 ਵਿਕਟਾਂ ਨਾਲ ਹਾਰ ਕੇ ਪਹਿਲੀ ਵਾਰ ਇਸ ਦੇਸ਼ 'ਚ ਟੀ-20 ਸੀਰੀਜ਼ ਜਿੱਤੀ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਆਖਰੀ ਵਾਰ ਆਪਣੀ ਹੀ ਧਰਤੀ 'ਤੇ ਟੀ-20 ਸੀਰੀਜ਼ 4 ਸਾਲ ਪਹਿਲਾਂ ਹਾਰੀ ਸੀ। 2015 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 3 ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਨਾਲ ਹਰਾ ਦਿੱਤੀ ਸੀ। ਇਸ ਤੋਂ ਇਲਾਵਾ ਆਸਟਰੇਲੀਆ ਨੇ 11 ਸਾਲ ਬਾਅਦ ਭਾਰਤ ਨੂੰ ਕਿਸੇ ਬਾਈਲੈਟਰਲ ਟੀ-20 ਸੀਰੀਜ਼ 'ਚ ਹਰਾਇਆ ਹੈ। ਕੰਗਾਰੂ ਟੀਮ ਨੇ ਆਖਰੀ ਵਾਰ ਭਾਰਤ ਨੂੰ 2008 'ਚ ਆਸਟਰੇਲੀਆ 'ਚ ਹੋਈ ਇਕ ਮੈਚ ਦੀ ਟੀ-20 ਸੀਰੀਜ਼ 'ਚ 1-0 ਨਾਲ ਮਾਤ ਦਿੱਤੀ ਸੀ।
ਹੁਣ ਤੱਕ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੀ ਗਈ ਟੀ-20 ਸੀਰੀਜ਼ ਦੇ ਨਤੀਜੇ
1. ਆਸਟਰੇਲੀਆ ਦਾ ਭਾਰਤ ਦੌਰਾ— 1 ਮੈਚ ਦੀ ਟੀ-20 ਸੀਰੀਜ਼ 2007- ਭਾਰਤ 1-0 ਨਾਲ ਜਿੱਤਿਆ
2. ਭਾਰਤ ਦਾ ਆਸਟਰੇਲੀਆ ਦੌਰਾ— 1 ਮੈਚ ਦੀ ਟੀ-20 ਸੀਰੀਜ਼ 2008- ਆਸਟਰੇਲੀਆ 1-0 ਨਾਲ ਜਿੱਤਿਆ
3. ਭਾਰਤ ਦਾ ਆਸਟਰੇਲੀਆ ਦੌਰਾ— 2 ਮੈਚਾਂ ਦੀ ਟੀ-20 ਸੀਰੀਜ਼ 2011- ਸੀਰੀਜ਼ 1-1 ਨਾਲ ਡਰਾਅ
4. ਆਸਟਰੇਲੀਆ ਦਾ ਭਾਰਤ ਦੌਰਾ— 1 ਮੈਚ ਦੀ ਟੀ-20 ਸੀਰੀਜ਼ 2013- ਭਾਰਤ 1-0 ਨਾਲ ਜਿੱਤਿਆ
5. ਭਾਰਤ ਦਾ ਆਸਟਰੇਲੀਆ ਦੌਰਾ— 3 ਮੈਚਾਂ ਦੀ ਟੀ-20 ਸੀਰੀਜ਼ 2016- ਭਾਰਤ 3-0 ਨਾਲ ਜਿੱਤਿਆ
6. ਆਸਟਰੇਲੀਆ ਦਾ ਭਾਰਤ ਦੌਰਾ— 3 ਮੈਚਾਂ ਦੀ ਟੀ-20 ਸੀਰੀਜ਼ 2017- ਸੀਰੀਜ਼ 1-1 ਨਾਲ ਡਰਾਅ
7. ਭਾਰਤ ਦਾ ਆਸਟਰੇਲੀਆ ਦੌਰਾ— 3 ਮੈਚਾਂ ਦੀ ਟੀ-20 ਸੀਰੀਜ਼ 2018- ਸੀਰੀਜ਼ 1-1 ਨਾਲ ਡਰਾਅ
8. ਆਸਟਰੇਲੀਆ ਦਾ ਭਾਰਤ ਦੌਰਾ— 2 ਮੈਚਾਂ ਦੀ ਟੀ-20 ਸੀਰੀਜ਼ 2019- ਆਸਟਰੇਲੀਆ 2-0 ਨਾਲ ਜਿੱਤਿਆ
ਆਲਰਾਊਂਡਰ ਗਲੇਨ ਮੈਕਸਵੈੱਲ ਨੇ ਭਾਰਤ ਨੂੰ ਦੂਸਰੇ ਅਤੇ ਆਖਰੀ ਮੁਕਾਬਲੇ ਵਿਚ 7 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਭਾਰਤੀ ਜ਼ਮੀਨ 'ਤੇ ਟੀ-20 ਸੀਰੀਜ਼ ਜਿੱਤ ਲਈ। ਭਾਰਤ ਨੇ ਕਪਤਾਨ ਵਿਰਾਟ ਕੋਹਲੀ (ਅਜੇਤੂ 72) ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ (40) ਦੀਆਂ ਸ਼ਾਨਦਾਰ ਪਾਰੀਆਂ ਨਾਲ 4 ਵਿਕਟਾਂ 'ਤੇ 190 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਮੈਕਸਵੈੱਲ ਦੇ ਤੂਫਾਨ ਅੱਗੇ ਭਾਰਤੀ ਗੇਂਦਬਾਜ਼ ਇਸ ਸਕੋਰ ਦਾ ਬਚਾਅ ਨਹੀਂ ਕਰ ਸਕੇ।
ਆਸਟਰੇਲੀਆ ਨੇ 19.4 ਓਵਰਾਂ ਵਿਚ 3 ਵਿਕਟਾਂ 'ਤੇ 194 ਦੌੜਾਂ ਬਣਾ ਕੇ ਸੀਰੀਜ਼ 2-0 ਨਾਲ ਜਿੱਤ ਲਈ। ਮੈਕਸਵੈੱਲ ਇਸ ਸ਼ਾਨਦਾਰ ਪਾਰੀ ਲਈ 'ਮੈਨ ਆਫ ਦਿ ਮੈਚ' ਬਣਿਆ। ਉਸ ਨੇ ਪੀਟਰ ਹੈਂਡਸਕੌਂਬ (ਅਜੇਤੂ 20) ਦੇ ਨਾਲ ਚੌਥੀ ਵਿਕਟ ਲਈ 8.3 ਓਵਰਾਂ ਵਿਚ 99 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ।


Gurdeep Singh

Content Editor

Related News