ਕਬੱਡੀ ਕੱਪ ਕੋਟਲੀ ਥਾਨ ਸਿੰਘ ਨੇ ਜਿੱਤਿਆ

03/30/2018 1:23:38 AM

ਟਾਂਡਾ (ਮੋਮੀ, ਪੰਡਿਤ)- ਪਿੰਡ ਝਾਵਾਂ ਵਿਖੇ ਕਰਵਾਇਆ ਪਹਿਲਾ ਪੰਜਾਬ-ਹਰਿਆਣਾ ਗਰਲਜ਼ ਕਬੱਡੀ ਕੱਪ ਗਰਲਜ਼ ਕਬੱਡੀ ਕੱਪ ਕਲੱਬ ਜਲੰਧਰ ਦੇ ਨਾਂ ਰਿਹਾ। ਪ੍ਰਵਾਸੀ ਭਾਰਤੀ ਕਸ਼ਮੀਰ ਸਿੰਘ ਕੈਨੇਡਾ ਦੇ ਉਪਰਾਲੇ ਨਾਲ ਕਰਵਾਏ ਗਏ ਇਸ ਕਬੱਡੀ ਕੱਪ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਨੇ ਭਾਗ ਲੈ ਕੇ ਮਾਂ ਖੇਡ ਕਬੱਡੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਕਬੱਡੀ ਕੱਪ ਦੇ ਫਾਈਨਲ ਮੈਚ ਦੌਰਾਨ ਕੋਟਲੀ ਥਾਨ ਸਿੰਘ ਕਬੱਡੀ ਕਲੱਬ ਜਲੰਧਰ ਨੇ ਕਬੱਡੀ ਅਕੈਡਮੀ ਮੰਝਪੁਰ ਅੰਮ੍ਰਿਤਸਰ ਦੀ ਟੀਮ ਨੂੰ 20 ਦੇ ਮੁਕਾਬਲੇ 35 ਅੰਕਾਂ ਨਾਲ ਹਰਾ ਕੇ 51 ਹਜ਼ਾਰ ਰੁਪਏ ਦੇ ਪਹਿਲੇ ਤੇ ਟਰਾਫ਼ੀ 'ਤੇ ਕਬਜ਼ਾ ਕੀਤਾ। ਜਦਕਿ ਦੂਜੇ ਸਥਾਨ 'ਤੇ ਰਹੀ ਟੀਮ ਨੂੰ ਪ੍ਰਬੰਧਕਾਂ ਵੱਲੋਂ ਯਾਦਗਾਰੀ ਟਰਾਫ਼ੀ ਤੇ 41 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਟੂਰਨਾਮੈਂਟ ਦੌਰਾਨ ਵਿਸ਼ੇਸ਼ ਤੌਰ 'ਤੇ ਇਨਾਮਾਂ ਦੀ ਵੰਡ ਕਰਨ ਲਈ ਪਹੁੰਚੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਕਮਿਸ਼ਨਰ ਲਖਵਿੰਦਰ ਸਿੰਘ ਲੱਖੀ, ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਦਸੂਹਾ ਤੇ ਜਥੇ. ਤਾਰਾ ਸਿੰਘ ਸੱਲਾਂ ਮੈਂਬਰ ਐੱਸ.ਜੀ.ਪੀ.ਸੀ. ਨੇ ਜੇਤੂ ਟੀਮ ਨੂੰ ਇਨਾਮ ਭੇਟ ਕਰਦਿਆਂ ਪ੍ਰਬੰਧਕਾਂ ਵੱਲੋਂ ਕਰਵਾਏ ਖੇਡ ਮੇਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਖੇਡਾਂ ਨਾਲ ਜੁੜਨ ਤੇ ਜਿੱਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਉੱਥੇ ਹੀ ਆਪਣੇ ਚੰਗੇ ਭਵਿੱਖ ਲਈ ਆਸਵੰਦ ਹੁੰਦੇ ਹਨ। 
ਇਸ ਕਬੱਡੀ ਕੱਪ ਦੌਰਾਨ ਬੈਸਟ ਰੇਡਰ ਰਹੀ ਜਿੰਦਰ ਤੇ ਬੈਸਟ ਜਾਫ਼ੀ ਰਹੀ ਸੋਨੀਆ ਨੂੰ ਉੱਘੇ ਕਬੱਡੀ ਪ੍ਰਮੋਟਰ ਜੋਗਾ ਸਿੰਘ ਸਰੋਆ ਵੱਲੋਂ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਤ ਕੀਤਾ ਗਿਆ। ਸਮੁੱਚੇ ਕਬੱਡੀ ਕੱਪ ਦੌਰਾਨ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸੁਖਵੀਰ ਸਿੰਘ ਚੌਹਾਨ, ਫਾਰੂਕ ਅਲੀ ਦਸੂਹਾ ਤੇ ਗੋਪੀ ਰੰਗੀਲਾ ਨੇ ਕੁਮੈਂਟਰੀ ਦੀ ਭੂਮਿਕਾ ਬਾਖੂਬੀ ਨਿਭਾਈ। 
ਇਸ ਮੌਕੇ ਪ੍ਰਬੰਧਕ ਬਿਕਰਮ ਘੋਲਾ ਅਰਗੋਵਾਲ, ਪੰਚ ਸੁਖਵਿੰਦਰ ਸਿੰਘ ਬਿੱਟਾ, ਅਮਰਜੀਤ ਸਿੰਘ ਝਾਵਰ, ਸੁਖਵਿੰਦਰ ਸਿੰਘ ਮੂਨਕਾਂ, ਗੁਰਵਿੰਦਰ ਸਿੰਘ ਮੋਹਕਮਗੜ੍ਹ, ਨੰਬਰਦਾਰ ਸ਼ਰਨਜੀਤ ਸਿੰਘ ਝਾਵਾਂ, ਡਾ. ਪ੍ਰਸ਼ੋਤਮ ਸਿੰਘ, ਗੁਰਸਮਿੰਦਰ ਸਿੰਘ ਰੰਮੀ, ਜਸਪ੍ਰੀਤ ਸਿੰਘ ਝਾਵਰ, ਸੁਖਦੀਪ ਧੁੱਗਾ, ਸਰਪੰਚ ਲਖਬੀਰ ਸਿੰਘ ਕੋਟਲੀ, ਭਾਗ ਸਿੰਘ, ਤਨਪ੍ਰੀਤ ਸਰੋਆ, ਜਸਪਾਲ ਸਿੰਘ ਚੌਹਾਨ, ਅਮਨ ਗਿੱਲ, ਬਿੱਟੂ ਕੰਧਾਲੀਆ, ਸੁਖਵਿੰਦਰ ਸਿੰਘ ਕਾਲਕਟ, ਗੁਰਵਿੰਦਰ ਸਿੰਘ ਕੈਨੇਡਾ, ਮਾ. ਸੁਭਾਸ਼ ਸ਼ਰਮਾ, ਪਰਮਜੀਤ ਸਿੰਘ, ਜਥੇ. ਰਣਜੀਤ ਸਿੰਘ ਲਾਲਾ, ਬਲਵੀਰ ਸਿੰਘ ਝਾਵਰ ਆਦਿ ਹਾਜ਼ਰ ਸਨ।


Related News