IND vs ENG: ਜੋ ਰੂਟ ਦੀ ਸ਼ਾਨਦਾਰ ਪਾਰੀ ਨੇ ਇੰਗਲੈਂਡ ਨੂੰ ਦਿਵਾਈ ਜਿੱਤ; ਭਾਰਤ ਨਾਲ ਸੀਰੀਜ਼ 1-1 ਨਾਲ ਬਰਾਬਰ

Friday, Jul 17, 2026 - 01:30 AM (IST)

IND vs ENG: ਜੋ ਰੂਟ ਦੀ ਸ਼ਾਨਦਾਰ ਪਾਰੀ ਨੇ ਇੰਗਲੈਂਡ ਨੂੰ ਦਿਵਾਈ ਜਿੱਤ; ਭਾਰਤ ਨਾਲ ਸੀਰੀਜ਼ 1-1 ਨਾਲ ਬਰਾਬਰ

ਸਪੋਰਟਸ ਡੈਸਕ : ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੁਕਾਬਲੇ ਵਿੱਚ ਮੇਜ਼ਬਾਨ ਇੰਗਲੈਂਡ ਨੇ ਜ਼ੋਰਦਾਰ ਵਾਪਸੀ ਕਰਦਿਆਂ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਕਾਰਡਿਫ ਦੇ ਸੋਫੀਆ ਗਾਰਡਨਜ਼ ਵਿਖੇ ਖੇਡੇ ਗਏ ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਸੀਰੀਜ਼ ਵਿੱਚ 1-1 ਦੀ ਬਰਾਬਰੀ ਕਰ ਲਈ ਹੈ।

ਇੰਗਲੈਂਡ ਦੀ ਜਿੱਤ ਵਿੱਚ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਅਹਿਮ ਭੂਮਿਕਾ ਨਿਭਾਈ। ਰੂਟ ਨੇ 133 ਗੇਂਦਾਂ ਦਾ ਸਾਹਮਣਾ ਕਰਦੇ ਹੋਏ 99 ਦੌੜਾਂ ਬਣਾਈਆਂ, ਜਿਸ ਵਿੱਚ 9 ਚੌਕੇ ਸ਼ਾਮਲ ਸਨ। ਹਾਲਾਂਕਿ ਉਹ ਆਪਣੇ ਸੈਂਕੜੇ ਤੋਂ ਮਹਿਜ਼ ਇੱਕ ਦੌੜ ਦੂਰ ਰਹਿ ਗਏ, ਪਰ ਉਨ੍ਹਾਂ ਦੀ ਇਸ ਪਾਰੀ ਨੇ ਇੰਗਲੈਂਡ ਨੂੰ 234 ਦੌੜਾਂ ਦਾ ਟੀਚਾ 44.1 ਓਵਰਾਂ ਵਿੱਚ ਹਾਸਲ ਕਰਨ ਵਿੱਚ ਮਦਦ ਕੀਤੀ। ਰੂਟ ਤੋਂ ਇਲਾਵਾ ਵਿਲ ਜੈਕਸ ਨੇ 30 ਅਤੇ ਗਸ ਐਟਕਿੰਸਨ ਨੇ ਨਾਬਾਦ 23 ਦੌੜਾਂ ਦਾ ਯੋਗਦਾਨ ਪਾਇਆ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 233 ਦੌੜਾਂ ਬਣਾ ਕੇ ਆਲ-ਆਊਟ ਹੋ ਗਈ ਸੀ। ਵਿਰਾਟ ਕੋਹਲੀ ਨੇ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਕੋਹਲੀ ਨੇ ਇੰਗਲੈਂਡ ਵਿਰੁੱਧ ਵਨਡੇ ਵਿੱਚ 14ਵੀਂ ਵਾਰ 50 ਤੋਂ ਵੱਧ ਦਾ ਸਕੋਰ ਬਣਾ ਕੇ ਮਹਾਨ ਬੱਲੇਬਾਜ਼ ਵਿਵਿਅਨ ਰਿਚਰਡਜ਼ ਦੀ ਬਰਾਬਰੀ ਕਰ ਲਈ ਹੈ। ਕੋਹਲੀ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ, ਜਦਕਿ ਕਪਤਾਨ ਸ਼ੁਭਮਨ ਗਿੱਲ ਨੇ 31 ਅਤੇ ਰੋਹਿਤ ਸ਼ਰਮਾ ਨੇ 26 ਦੌੜਾਂ ਦਾ ਯੋਗਦਾਨ ਪਾਇਆ।

ਇੰਗਲੈਂਡ ਵੱਲੋਂ ਗੇਂਦਬਾਜ਼ੀ ਵਿੱਚ ਜੋਫਰਾ ਆਰਚਰ ਅਤੇ ਗਸ ਐਟਕਿੰਸਨ ਨੇ ਕਹਿਰ ਢਾਉਂਦਿਆਂ 3-3 ਵਿਕਟਾਂ ਹਾਸਲ ਕੀਤੀਆਂ। ਸਾਕਿਬ ਮਹਿਮੂਦ ਨੂੰ 2 ਜਦਕਿ ਵਿਲ ਜੈਕਸ ਅਤੇ ਸੈਮ ਕਰਨ ਨੂੰ 1-1 ਸਫਲਤਾ ਮਿਲੀ। ਭਾਰਤ ਵੱਲੋਂ ਗੁਰਨੂਰ ਬਰਾੜ ਨੇ ਦੋ ਵਿਕਟਾਂ ਝਟਕਾਈਆਂ, ਪਰ ਉਹ ਟੀਮ ਨੂੰ ਜਿੱਤ ਦਿਵਾਉਣ ਲਈ ਕਾਫ਼ੀ ਨਹੀਂ ਸਨ।

ਸੀਰੀਜ਼ ਹੁਣ 1-1 ਦੀ ਰੋਮਾਂਚਕ ਸਥਿਤੀ 'ਤੇ ਪਹੁੰਚ ਗਈ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਫੈਸਲਾਇਕ ਮੁਕਾਬਲਾ 19 ਜੁਲਾਈ ਨੂੰ ਲੰਡਨ ਦੇ ਇਤਿਹਾਸਕ ਲਾਰਡਜ਼ ਮੈਦਾਨ 'ਤੇ ਖੇਡਿਆ ਜਾਵੇਗਾ।
 


author

Inder Prajapati

Content Editor

Related News