ਜਿਨਸਨ ਨੇ 1500 ਮੀਟਰ ’ਚ ਤੋੜਿਆ ਆਪਣਾ ਰਾਸ਼ਟਰੀ ਰਿਕਾਰਡ
Monday, Sep 02, 2019 - 02:41 AM (IST)

ਬਰਲਿਨ- ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਿਨਸਨ ਜਾਨਸਨ ਨੇ ਐਤਵਾਰ ਨੂੰ ਇੱਥੇ ਆਈ. ਐੱਸ. ਟੀ. ਏ. ਐੱਫ. ਬਰਲਿਨ ਪ੍ਰਤੀਯੋਗਿਤਾ ’ਚ 1500 ਮੀਟਰ ਵਿਚ ਚਾਂਦੀ ਤਮਗਾ ਜਿੱਤਿਆ ਅਤੇ ਨਾਲ ਹੀ 1500 ਮੀਟਰ ’ਚ ਆਪਣਾ ਰਾਸ਼ਟਰੀ ਰਿਕਾਰਡ ਵੀ ਤੋੜ ਦਿੱਤਾ। ਜਾਨਸਨ ਇੱਥੇ 3 ਮਿੰਟ 35.24 ਸੈਕੰਡ ਦੇ ਸਮੇਂ ਨਾਲ ਅਮਰੀਕਾ ਦੇ ਜੋਸ਼ੂਆ ਥਾਂਪਸਨ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ।
ਜਾਨਸਨ ਨੇ 3 ਮਿੰਟ 37.62 ਸੈਕੰਡ ਦੇ ਆਪਣੇ ਹੀ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ, ਜਿਹੜਾ ਕੇਰਲ ਦੇ ਇਸ ਦੌੜਾਕ ਨੇ ਜੂਨ ’ਚ ਨੀਦਰਲੈਂਡ ਨਿਮੇਗੇਨ ਵਿਚ ਬਣਾਇਆ ਸੀ। ਉਸ ਦੇ ਨਾਂ 800 ਮੀਟਰ ਦਾ ਰਾਸ਼ਟਰੀ ਰਿਕਾਰਡ (ਇਕ ਮਿੰਟ 45.65 ਸੈਕੰਡ) ਵੀ ਹੈ। ਜਾਨਸਨ ਨੇ ਇਸ ਪ੍ਰਦਰਸ਼ਨ ਦੇ ਨਾਲ ਹੀ ਦੋਹਾ ਵਿਚ 28 ਸਤੰਬਰ ਤੋਂ 6 ਅਕਤੂਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ।