ਆਈ.ਸੀ.ਸੀ. ਮਹਿਲਾ ਟੀ-20 ਰੈਂਕਿੰਗ: ਸਿਖਰਲੇ 10 ਬੱਲੇਬਾਜ਼ਾਂ ਵਿਚ ਸ਼ਾਮਲ ਹੋਈ ਜੇਮਿਮਾਹ ਰੌਡਰਿਗਜ਼
Tuesday, Aug 09, 2022 - 07:44 PM (IST)
ਦੁਬਈ (ਏਜੰਸੀ)- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨੌਜਵਾਨ ਖਿਡਾਰਨ ਜੇਮਿਮਾਹ ਰੌਡਰਿਗਜ਼ ਰਾਸ਼ਟਰਮੰਡਲ ਖੇਡਾਂ 2022 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਈ.ਸੀ.ਸੀ. ਮਹਿਲਾ ਟੀ-20 ਰੈਂਕਿੰਗ ਦੇ ਸਿਖਰਲੇ 10 ਬੱਲੇਬਾਜ਼ਾਂ ਵਿਚ ਸ਼ਾਮਲ ਹੋ ਗਈ ਹੈ। ਮੰਗਲਵਾਰ ਨੂੰ ਜਾਰੀ ਆਈ.ਸੀ.ਸੀ. ਦੀ ਤਾਜ਼ਾ ਰੈਂਕਿੰਗ ਦੇ ਅਨੁਸਾਰ, ਰੋਡਰਿਗਜ਼ ਸੱਤ ਸਥਾਨ ਉਪਰ ਉੱਠ ਕੇ 630 ਅੰਕਾਂ ਨਾਲ 10ਵੇਂ ਸਥਾਨ 'ਤੇ ਪਹੁੰਚ ਗਈ ਹੈ।
ਉਨ੍ਹਾਂ ਨੇ ਬਰਮਿੰਘਮ 2022 ਵਿੱਚ ਭਾਰਤ ਲਈ 146 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਉਹ ਅਕਤੂਬਰ 2021 ਤੋਂ ਬਾਅਦ ਪਹਿਲੀ ਵਾਰ ਚੋਟੀ ਦੇ 10 ਵਿੱਚ ਜਗ੍ਹਾ ਬਣਾ ਸਕੀ। ਸਮ੍ਰਿਤੀ ਮੰਧਾਨਾ (ਚੌਥਾ ਸਥਾਨ) ਅਤੇ ਸ਼ੈਫਾਲੀ ਵਰਮਾ (6ਵਾਂ ਸਥਾਨ) ਪਹਿਲਾਂ ਹੀ ਟੀ-20 ਬੱਲੇਬਾਜ਼ਾਂ ਦੇ ਸਿਖਰ 10 ਵਿੱਚ ਸ਼ਾਮਲ ਹਨ। ਇਸ ਦੌਰਾਨ ਆਸਟ੍ਰੇਲੀਆ ਦੀ ਬੇਥ ਮੂਨੀ ਆਪਣੀ ਹਮਵਤਨ ਮੇਗ ਲੈਨਿੰਗ ਨੂੰ ਪਛਾੜ ਕੇ ਸਿਖਰਲੇ ਸਥਾਨ 'ਤੇ ਪਹੁੰਚ ਗਈ ਹੈ। ਮੂਨੀ ਨੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਭਾਰਤ ਖ਼ਿਲਾਫ਼ 41 ਗੇਂਦਾਂ ਵਿੱਚ 61 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਉਸ ਨੇ ਪਾਕਿਸਤਾਨ ਖ਼ਿਲਾਫ਼ 70 ਦੌੜਾਂ ਅਤੇ ਨਿਊਜ਼ੀਲੈਂਡ ਖ਼ਿਲਾਫ਼ 36 ਦੌੜਾਂ ਦਾ ਯੋਗਦਾਨ ਵੀ ਦਿੱਤਾ ਸੀ, ਜਿਸ ਨਾਲ ਉਹ 743 ਰੇਟਿੰਗਾਂ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ।