ਜੇਮਿਮਾ ਦੀ WBBL ’ਚ ਨਿਰਾਸ਼ਾਜਨਕ ਸ਼ੁਰੂਆਤ

Sunday, Nov 09, 2025 - 10:02 PM (IST)

ਜੇਮਿਮਾ ਦੀ WBBL ’ਚ ਨਿਰਾਸ਼ਾਜਨਕ ਸ਼ੁਰੂਆਤ

ਬ੍ਰਿਸਬੇਨ– ਜੇਮਿਮਾ ਰੋਡ੍ਰਿਗਜ਼ ਦੀ ਵਿਸ਼ਵ ਕੱਪ ਜਿੱਤ ਤੋਂ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਨਿਰਾਸ਼ਾਜਨਕ ਰਹੀ ਕਿਉਂਕਿ ਇਹ ਭਾਰਤੀ ਬੱਲੇਬਾਜ਼ ਐਤਵਾਰ ਨੂੰ ਮਹਿਲਾ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਵਿਚ ਮੈਲਬਰਨ ਰੇਨੇਗੇਡਸ ਵਿਰੁੱਧ ਆਪਣੀ ਟੀਮ ਬ੍ਰਿਸਬੇਨ ਹੀਟ ਦੀ 7 ਵਿਕਟਾਂ ਨਾਲ ਹਾਰ ਵਿਚ ਸਿਰਫ 6 ਦੌੜਾਂ ਦਾ ਹੀ ਯੋਗਦਾਨ ਦੇ ਸਕੀ।

ਪਿਛਲੇ ਹਫਤੇ ਭਾਰਤ ਦੀ ਵਨ ਡੇ ਵਿਸ਼ਵ ਕੱਪ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੀ ਜੇਮਿਮਾ ਪ੍ਰਭਾਵ ਛੱਡਣ ਲਈ ਬੇਤਾਬ ਦਿਸੀ ਪਰ 9 ਗੇਂਦਾਂ ਖੇਡਣ ਤੋਂ ਬਾਅਦ ਐਲਿਸ ਕੈਪਸੀ ਦੀ ਗੇਂਦ ’ਤੇ ਬੈਕਵਰਡ ਪੁਆਇੰਟ ’ਤੇ ਡਿਆਂਡ੍ਰਾ ਡੌਟਿਨ ਦੇ ਹੱਥੋਂ ਕੈਚ ਆਊਟ ਹੋ ਗਈ। ਰੋਡ੍ਰਿਗਜ਼ ਦੀ ਇਸ ਵਾਪਸੀ ਨੇ ਉਸਦੇ ਵਧਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਪਰ ਉਸਦੀ ਮੌਜੂਦਗੀ ਨੇ ਮੁਕਾਬਲੇ ਵਿਚ ‘ਸਟਾਰ ਵੈਲਿਊ’ ਦਾ ਤੜਕਾ ਲਾਇਆ।

ਬ੍ਰਿਸਬੇਨ ਹੀਟ ਨੇ ਆਪਣੇ ‘ਐਕਸ’ ਹੈਂਡਲ ’ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਜੇਮਿਮਾ ਮੁਸਕਰਾਉਂਦੇ ਹੋਏ ਮੈਦਾਨ ਵੱਲ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਜੇਮਿਮਾ ਨੇ ਇਸ ਵੀਡੀਓ ਵਿਚ ਕਿਹਾ, ‘‘ਮੈਂ ਇੱਥੇ ਬ੍ਰਿਸਬੇਨ ਵਿਚ ਹਾਂ, ਕੀ ਤੁਸੀਂ ਯਕੀਨ ਕਰ ਸਕਦੇ ਹੋ, ਅੱਜ ਲਈ ਬਹੁਤ ਉਤਸ਼ਾਹਿਤ ਹਾਂ, ਚਲੋ ਸ਼ੁਰੂ ਕਰਦੇ ਹਾਂ।’’

ਹੀਟ ਲਈ ਨਾਦਿਨ ਡੀ ਕਲਰਕ (38 ਗੇਂਦਾਂ ’ਤੇ 40 ਦੌੜਾਂ) ਤੇ ਚਿਨੇਲ ਹੈਨਰੀ (22 ਗੇਂਦਾਂ ’ਚ 29 ਦੌੜਾਂ) ਨੇ ਡਟ ਕੇ ਸਾਹਮਣਾ ਕੀਤਾ ਪਰ ਰੇਨੇਗੇਡਸ ਦੀਆਂ ਸਪਿੰਨਰਾਂ ਨੇ ਮੈਚ ’ਤੇ ਦਬਦਬਾ ਬਣਾਈ ਰੱਖਿਆ ਤੇ ਟੀਮ ਦੀ ਪਾਰੀ 20 ਓਵਰਾਂ ਵਿਚ 133 ਦੌੜਾਂ ’ਤੇ ਹੀ ਸਿਮਟ ਗਈ। ਰੇਨੇਗੇਡਸ ਦੀ ਕਪਤਾਨ ਜਾਰਜੀਆ ਵੇਅਰਹੈਮ (12 ਦੌੜਾਂ ’ਤੇ 3 ਵਿਕਟਾਂ) ਤੇ ਕੈਪਸੀ (22 ਦੌੜਾਂ ’ਤੇ 3 ਵਿਕਟਾਂ) ਨੇ ਆਖਰੀ ਓਵਰਾਂ ਵਿਚ ਹੀਟ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਮੀਂਹ ਪ੍ਰਭਾਵਿਤ ਮੈਚ ਵਿਚ ਰੇਨੇਗੇਡਸ ਨੂੰ ਜਿੱਤ ਲਈ 8 ਓਵਰਾਂ ਵਿਚ 66 ਦੌੜਾਂ ਦਾ ਸੋਧਿਆ ਟੀਚਾ ਮਿਲਿਆ, ਜਿਸ ਨੂੰ ਟੀਮ ਨੇ 7.3 ਓਵਰਾਂ ਵਿਚ ਹਾਸਲ ਕਰ ਲਿਆ।


author

Hardeep Kumar

Content Editor

Related News