T20 ਵਿਸ਼ਵ ਕੱਪ ''ਚ ਭਾਰਤ ਦੀ ਲਗਾਤਾਰ ਚੌਥੀ ਜਿੱਤ, ਨੀਦਰਲੈਂਡ ਨੂੰ 17 ਦੌੜਾਂ ਨਾਲ ਹਰਾਇਆ
Wednesday, Feb 18, 2026 - 10:50 PM (IST)
ਸਪੋਰਟਸ ਡੈਸਕ- ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ 2026 ਦੇ ਮੁਕਾਬਲੇ ਵਿੱਚ ਭਾਰਤ ਨੇ ਨੀਦਰਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 193 ਦੌੜਾਂ ਬਣਾਈਆਂ। ਜਵਾਬ ਵਿੱਚ ਨੀਦਰਲੈਂਡ ਦੀ ਟੀਮ 176 ਦੌੜਾਂ ਹੀ ਬਣਾ ਸਕੀ ਅਤੇ ਇਸ ਹਾਰ ਨਾਲ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ।
ਭਾਰਤ ਦੀ ਜਿੱਤ ਵਿੱਚ ਆਲਰਾਊਂਡਰ ਸ਼ਿਵਮ ਦੁਬੇ ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੇ ਮਹਿਜ਼ 31 ਗੇਂਦਾਂ ਵਿੱਚ 66 ਦੌੜਾਂ (4 ਚੌਕੇ, 6 ਛੱਕੇ) ਦੀ ਤੂਫ਼ਾਨੀ ਪਾਰੀ ਖੇਡੀ।ਹਾਲਾਂਕਿ, ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਇੱਕ ਵਾਰ ਫਿਰ ਅਸਫਲ ਰਹੇ ਅਤੇ 0 'ਤੇ ਆਊਟ ਹੋ ਗਏ, ਜੋ ਇਸ ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਲਗਾਤਾਰ ਤੀਜੀ 'ਡੱਕ' ਹੈ। ਈਸ਼ਾਨ ਕਿਸ਼ਨ ਨੇ 18, ਤਿਲਕ ਵਰਮਾ ਨੇ 31, ਕਪਤਾਨ ਸੂਰਿਆਕੁਮਾਰ ਯਾਦਵ ਨੇ 34 ਅਤੇ ਹਾਰਦਿਕ ਪੰਡਿਆ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਨੀਦਰਲੈਂਡ ਵੱਲੋਂ ਲੋਗਾਨ ਵੈਨ ਬੀਕ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 3 ਵਿਕਟਾਂ ਲਈਆਂ।
194 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਵਰੁਣ ਚੱਕਰਵਰਤੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਓਵਰਾਂ ਵਿੱਚ ਸਿਰਫ਼ 14 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ। ਸ਼ਿਵਮ ਦੁਬੇ ਨੇ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ੀ ਵਿੱਚ ਵੀ ਜੌਹਰ ਦਿਖਾਉਂਦੇ ਹੋਏ 2 ਵਿਕਟਾਂ ਲਈਆਂ, ਜਦਕਿ ਜਸਪ੍ਰੀਤ ਬੁਮਰਾਹ ਨੂੰ 1 ਵਿਕਟ ਮਿਲੀ।
