T20 WC ਟੀਮ 'ਚ ਸ਼ਾਮਲ ਕੀਤਾ ਗਿਐ ਧਾਕੜ ਬੱਲੇਬਾਜ਼, ਮੈਦਾਨ 'ਤੇ ਲਾ ਦਿੰਦੈ ਦੌੜਾਂ ਦੀ ਝੜੀ

Monday, Feb 16, 2026 - 02:29 PM (IST)

T20 WC ਟੀਮ 'ਚ ਸ਼ਾਮਲ ਕੀਤਾ ਗਿਐ ਧਾਕੜ ਬੱਲੇਬਾਜ਼, ਮੈਦਾਨ 'ਤੇ ਲਾ ਦਿੰਦੈ ਦੌੜਾਂ ਦੀ ਝੜੀ

ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2026 ਦੇ ਗਰੁੱਪ-ਬੀ ਦੇ ਇੱਕ ਬੇਹੱਦ ਅਹਿਮ ਮੁਕਾਬਲੇ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਵਿੱਚ ਵੱਡਾ ਬਦਲਾਅ ਹੋਇਆ ਹੈ। ਸੋਮਵਾਰ ਨੂੰ ਸ਼੍ਰੀਲੰਕਾ ਵਿਰੁੱਧ ਹੋਣ ਵਾਲੇ ਮੈਚ ਲਈ ਆਸਟ੍ਰੇਲੀਆ ਨੇ ਆਪਣੇ ਸਕੁਐਡ ਵਿੱਚ ਤਜਰਬੇਕਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਅਧਿਕਾਰਤ ਤੌਰ 'ਤੇ ਸ਼ਾਮਲ ਕਰ ਲਿਆ ਹੈ।

ਜੋਸ਼ ਹੇਜ਼ਲਵੁੱਡ ਦੀ ਲਈ ਜਗ੍ਹਾ 
ਸਟੀਵ ਸਮਿਥ ਨੂੰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਮਿਥ ਨੂੰ ਪਹਿਲਾਂ ਕਪਤਾਨ ਮਿਸ਼ੇਲ ਮਾਰਸ਼ ਦੇ 'ਕਵਰ' ਵਜੋਂ ਭੇਜਿਆ ਗਿਆ ਸੀ, ਜੋ ਨੈੱਟ ਪ੍ਰੈਕਟਿਸ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ। ਹਾਲਾਂਕਿ ਸਮਿਥ ਨੇ ਐਤਵਾਰ ਨੂੰ ਟੀਮ ਨਾਲ ਅਭਿਆਸ ਵੀ ਕੀਤਾ ਸੀ ਅਤੇ ਹੁਣ ਉਹ ਚੋਣ ਲਈ ਉਪਲਬਧ ਹਨ।

ਆਸਟ੍ਰੇਲੀਆ ਲਈ ਜਿੱਤ ਬੇਹੱਦ ਜ਼ਰੂਰੀ 
ਕੈਂਡੀ ਦੇ ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲਾ ਇਹ ਮੈਚ ਆਸਟ੍ਰੇਲੀਆ ਲਈ ਬਹੁਤ ਮਹੱਤਵਪੂਰਨ ਹੈ। ਇਸ ਮੈਚ ਵਿੱਚ ਹਾਰ ਆਸਟ੍ਰੇਲੀਆ ਨੂੰ ਵਿਸ਼ਵ ਕੱਪ ਤੋਂ ਬਾਹਰ ਕਰ ਸਕਦੀ ਹੈ। ਅਜਿਹੇ ਨਾਜ਼ੁਕ ਮੋੜ 'ਤੇ ਸਮਿਥ ਵਰਗੇ ਤਜਰਬੇਕਾਰ ਖਿਡਾਰੀ ਦੀ ਮੌਜੂਦਗੀ ਟੀਮ ਨੂੰ ਮਜ਼ਬੂਤੀ ਦੇ ਸਕਦੀ ਹੈ।

ਪਲੇਇੰਗ ਇਲੈਵਨ ਵਿੱਚ ਚੋਣ ਦੀ ਸੰਭਾਵਨਾ 
ਭਾਵੇਂ ਸਮਿਥ ਨੂੰ ਸਕੁਐਡ ਵਿੱਚ ਸ਼ਾਮਲ ਕਰ ਲਿਆ ਗਿਆ ਹੈ, ਪਰ ਸ਼੍ਰੀਲੰਕਾ ਵਿਰੁੱਧ ਉਨ੍ਹਾਂ ਦੇ ਪਲੇਇੰਗ ਇਲੈਵਨ ਵਿੱਚ ਖੇਡਣ ਦੀ ਸੰਭਾਵਨਾ ਕਪਤਾਨ ਮਿਸ਼ੇਲ ਮਾਰਸ਼ ਦੀ ਫਿਟਨੈੱਸ 'ਤੇ ਨਿਰਭਰ ਕਰੇਗੀ। ਜੇਕਰ ਮਾਰਸ਼ ਫਿੱਟ ਹੋ ਕੇ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਦੇ ਹਨ, ਤਾਂ ਸਮਿਥ ਨੂੰ ਬਾਹਰ ਬੈਠਣਾ ਪੈ ਸਕਦਾ ਹੈ, ਪਰ ਮਾਰਸ਼ ਦੀ ਗੈਰ-ਮੌਜੂਦਗੀ ਵਿੱਚ ਸਮਿਥ ਦੇ ਖੇਡਣ ਦੇ ਆਸਾਰ ਕਾਫੀ ਵੱਧ ਜਾਣਗੇ।

ਸਮਿਥ ਦੇ ਸ਼ਾਨਦਾਰ ਟੀ-20 ਅੰਕੜੇ 
ਸਟੀਵ ਸਮਿਥ ਨੇ ਫਰਵਰੀ 2024 ਤੋਂ ਬਾਅਦ ਆਸਟ੍ਰੇਲੀਆ ਲਈ ਕੋਈ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਹਾਲਾਂਕਿ, ਹਾਲ ਹੀ ਵਿੱਚ ਸੰਪੰਨ ਹੋਈ ਟੀ20 ਲੀਗ ਬੀ.ਬੀ.ਐਲ. (BBL) ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਸਮਿਥ ਨੇ ਹੁਣ ਤੱਕ 67 ਟੀ-20 ਮੈਚਾਂ ਵਿੱਚ 5 ਅਰਧ-ਸੈਂਕੜਿਆਂ ਦੀ ਮਦਦ ਨਾਲ 1,094 ਰਨ ਬਣਾਏ ਹਨ। ਚੋਣਕਾਰ ਟੋਨੀ ਡੋਡੇਮੇਡ ਅਨੁਸਾਰ, ਆਈ.ਸੀ.ਸੀ. ਦੇ ਨਿਯਮਾਂ ਮੁਤਾਬਕ ਮੈਚ ਤੋਂ ਇੱਕ ਦਿਨ ਪਹਿਲਾਂ ਇਹ ਬਦਲਾਅ ਕਰਨਾ ਜ਼ਰੂਰੀ ਸੀ ਤਾਂ ਜੋ ਕਿਸੇ ਵੀ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਸਮਿਥ ਉਪਲਬਧ ਰਹਿਣ।


author

Tarsem Singh

Content Editor

Related News