ਜੇਸਨ ਦੇ ਸੈਂਕੜੇ ਨਾਲ ਇੰਗਲੈਂਡ ਦੀ ਆਸਟ੍ਰੇਲੀਆ ''ਤੇ ਜਿੱਤ

01/15/2018 5:58:01 AM

ਮੈਲਬੋਰਨ—ਜੇਸਨ ਰਾਏ (180) ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਤੇ ਉਸ ਦੇ ਨਾਲ ਜੋ ਰੂਟ (ਅਜੇਤੂ 91) ਦੀ ਸਹਿਯੋਗੀ ਪਾਰੀ ਨਾਲ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਉਸ ਦੇ ਘਰੇਲੂ ਮੈਦਾਨ 'ਤੇ ਪਹਿਲੇ ਵਨ ਡੇ ਮੈਚ 'ਚ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। 
ਇੰਗਲੈਂਡ ਨੇ ਐਤਵਾਰ ਇਥੇ ਐੈੱਮ. ਸੀ. ਜੀ. ਗਰਾਊਂਡ 'ਤੇ ਟਾਸ ਜਿੱਤਿਆ ਪਰ ਪਹਿਲਾਂ ਆਸਟ੍ਰੇਲੀਆ ਨੂੰ ਬੱਲੇਬਾਜ਼ੀ ਦਾ ਮੌਕਾ ਦਿੱਤਾ, ਜਿਸ ਨੇ ਓਪਨਰ ਆਰੋਨ ਫਿੰਚ ਦੀਆਂ 107 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਨਾਲ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ 'ਤੇ 304 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਪਰ ਏਸ਼ੇਜ਼ ਟਰਾਫੀ 'ਚ ਕਰਾਰੀ ਹਾਰ ਝੱਲਣ ਤੋਂ ਬਾਅਦ ਆਲੋਚਨਾ ਝੱਲ ਰਹੀ ਮਹਿਮਾਨ ਇੰਗਲਿਸ਼ ਟੀਮ ਨੇ ਆਪਣੇ ਦੋ ਬੱਲੇਬਾਜ਼ਾਂ ਰਾਏ ਤੇ ਰੂਟ ਦੀਆਂ ਪਾਰੀਆਂ ਨਾਲ 48.5 ਓਵਰਾਂ 'ਚ ਹੀ 5 ਵਿਕਟਾਂ 'ਤੇ 308 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ।
ਇੰਗਲੈਂਡ ਦੇ ਨੌਜਵਾਨ ਬੱਲੇਬਾਜ਼ ਜੇਸਨ ਨੇ ਵਨ ਡੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 151 ਗੇਂਦਾਂ 'ਤੇ 16  ਚੌਕੇ ਤੇ 5 ਛੱਕੇ ਲਾ ਕੇ 180 ਦੌੜਾਂ ਬਣਾਈਆਂ, ਜਦਕਿ ਉਸ ਦੇ ਨਾਲ ਦੂਜੇ ਪਾਸੇ ਟੈਸਟ ਕਪਤਾਨ ਰੂਟ ਟਿਕਿਆ ਰਿਹਾ, ਜਿਸ ਨੇ 110 ਗੇਂਦਾਂ 'ਚ 5 ਚੌਕੇ ਲਾ ਕੇ ਅਜੇਤੂ 91 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਏਸ਼ੇਜ਼ ਦੀ ਹਾਰ ਦੀ ਨਿਰਾਸ਼ਾ 'ਚੋਂ ਬਾਹਰ ਕੱਢ ਕੇ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) 'ਤੇ ਜਸ਼ਨ ਮਨਾਉਣ ਦਾ ਮੌਕਾ ਦਿੱਤਾ। 
ਰਾਏ ਤੇ ਰੂਟ ਨੇ ਤੀਜੀ ਵਿਕਟ ਲਈ 221 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਕਰਦਿਆਂ ਇੰਗਲੈਂਡ ਨੂੰ ਵਨ ਡੇ ਸੀਰੀਜ਼ ਵਿਚ 1-0 ਨਾਲ ਅੱਗੇ ਕਰ ਦਿੱਤਾ।


Related News