ਜਾਇਸਵਾਲ ਟੈਸਟ ਰੈਂਕਿੰਗ ਦੇ ਟਾਪ-10 ਬੱਲੇਬਾਜ਼ਾਂ ’ਚ ਸ਼ਾਮਲ
Wednesday, Mar 06, 2024 - 06:36 PM (IST)
ਦੁਬਈ- ਭਾਰਤ ਦਾ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਇੰਗਲੈਂਡ ਵਿਰੁੱਧ ਮੌਜੂਦਾ ਘਰੇਲੂ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਬੁੱਧਵਾਰ ਨੂੰ ਆਪਣੇ ਕਰੀਅਰ ’ਚ ਪਹਿਲੀ ਵਾਰ ਟੈਸਟ ਬੱਲੇਬਾਜ਼ਾਂ ਦੀ ਆਈ. ਸੀ. ਸੀ. ਰੈਂਕਿੰਗ ਦੇ ਟਾਪ-10 ’ਚ ਪਹੁੰਚ ਗਿਆ ਹੈ। ਸਾਲ 2023 ’ਚ ਟੈਸਟ ਕ੍ਰਿਕਟ ’ਚ ਡੈਬਿਊ ਕਰਨ ਵਾਲਾ ਜਾਇਸਵਾਲ 727 ਰੇਟਿੰਗ ਅੰਕਾਂ ਨਾਲ ਦੋ ਸਥਾਨਾਂ ਦੀ ਛਾਲ ਲਾ ਕੇ 10ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਵਿਰੁੱਧ ਬੱਲੇ ਨਾਲ ਜ਼ਬਰਦਸਤ ਫਾਰਮ ’ਚ ਚੱਲ ਰਿਹਾ ਜਾਇਸਵਾਲ ਇਕ ਟੈਸਟ ਲੜੀ ’ਚ 600 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੇ ਵਿਸ਼ੇਸ਼ ਕਲੱਬ ਵਿਚ ਸ਼ਾਮਲ ਹੋ ਗਿਆ ਹੈ। ਉਹ ਇਹ ਉਪਲਬੱਧੀ ਹਾਸਲ ਕਰਨ ਵਾਲਾ ਖੱਬੇ ਹੱਥ ਦਾ ਇਕਲੌਤਾ ਬੱਲੇਬਾਜ਼ ਹੈ। 22 ਸਾਲਾ ਜਾਇਸਵਾਲ ਸੁਨੀਲ ਗਾਵਸਕਰ, ਦਿਲੀਪ ਸਰਦੇਸਾਈ, ਰਾਹੁਲ ਦ੍ਰਾਵਿੜ ਤੇ ਵਿਰਾਟ ਕੋਹਲੀ ਦੇ ਨਾਲ ਟੈਸਟ ਲੜੀ ’ਚ 600 ਦੌੜਾਂ ਦਾ ਅੰਕੜਾ ਪਾਰ ਕਰਨ ਵਾਲਾ 5ਵਾਂ ਭਾਰਤੀ ਹੈ।