ਜਡੇਜਾ ਇੰਗਲੈਂਡ ’ਚ 1000 ਦੌੜਾਂ ਪੂਰੀਆਂ ਕਰਨ ਦੇ ਨੇੜੇ
Thursday, Jul 17, 2025 - 10:35 AM (IST)

ਲੰਡਨ– ਦੁਨੀਆ ਦਾ ਨੰਬਰ ਇਕ ਆਲਰਾਊਂਡਰ ਭਾਰਤ ਦਾ ਰਵਿੰਦਰ ਜਡੇਜਾ ਇੰਗਲੈਂਡ ਵਿਚ 1000 ਦੌੜਾਂ ਪੂਰੀਆਂ ਕਰਨ ਦੇ ਨੇੜੇ ਪਹੁੰਚ ਗਿਆ ਹੈ। ਜਡੇਜਾ ਨੇ ਲਾਰਡਸ ਵਿਚ ਇੰਗਲੈਂਡ ਵਿਰੁੱਧ ਤੀਜੇ ਟੈਸਟ ਵਿਚ ਭਾਰਤ ਦੀ ਦੂਜੀ ਪਾਰੀ ਵਿਚ ਅਜੇਤੂ 61 ਦੌੜਾਂ ਬਣਾਈਆਂ ਸਨ ਪਰ ਭਾਰਤ ਇਹ ਮੁਕਾਬਲਾ 22 ਦੌੜਾਂ ਨਾਲ ਹਾਰ ਗਿਆ ਸੀ।
ਜਡੇਜਾ ਦਾ ਇਹ ਲਗਾਤਾਰ ਚੌਥਾ ਅਰਧ ਸੈਂਕੜਾ ਸੀ। ਉਸ ਨੇ ਬਰਮਿੰਘਮ ਤੇ ਲਾਰਡਸ ਦੇ ਮੈਚਾਂ ਦੀਆਂ ਦੋਵਾਂ ਪਾਰੀਆਂ ਵਿਚ ਅਰਧ ਸੈਂਕੜੇ ਲਾਏ ਸਨ। ਉਸ ਤੋਂ ਪਹਿਲਾਂ ਇੰਗਲੈਂਡ ਵਿਚ ਲਗਾਤਾਰ 4 ਵਾਰ 50+ ਸਕੋਰ ਬਣਾਉਣ ਵਾਲੇ ਸਿਰਫ ਦੋ ਭਾਰਤੀ ਬੱਲੇਬਾਜ਼ ਹਨ ਜਿਨ੍ਹਾਂ ਵਿਚ ਸੌਰਭ ਗਾਂਗੁਲੀ (2002) ਤੇ ਰਿਸ਼ਭ ਪੰਤ (2022 ਤੇ 2025) ਹਨ।
ਲਾਰਡਸ ਦੇ ਆਖਰੀ ਦਿਨ ਉਸਦੀ ਅਜੇਤੂ 61 ਦੌੜਾਂ ਦੀ ਪਾਰੀ ਟੈਸਟ ਦੀ ਚੌਥੀ ਪਾਰੀ ਵਿਚ ਉਸਦਾ ਪਹਿਲਾ 50+ ਸਕੋਰ ਸੀ। ਇੰਗਲੈਂਡ ਵਿਚ ਜਡੇਜਾ ਨੇ ਟੈਸਟ ਵਿਚ ਨੰਬਰ6 ਜਾਂ ਉਸ ਤੋਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ 942 ਦੌੜਾਂ ਬਣਾਈਆਂ ਹਨ। ਇਸ ਲਿਸਟ ਵਿਚ ਮਹਿਮਾਨ ਬੱਲੇਬਾਜ਼ਾਂ ਵਿਚ ਉਸ ਤੋਂ ਵੱਧ ਦੌੜਾਂ ਸਿਰਫ ਗੈਰੀ ਸੋਬਰਸ (1097) ਨੇ ਬਣਾਈਆਂ ਹਨ। ਇੰਗਲੈਂਡ ਵਿਚ ਉਸਦੇ ਨਾਂ ਇਕ ਸੈਂਕੜਾ ਤੇ 7 ਅਰਧ ਸੈਂਕੜੇ ਹਨ। ਗੈਰੀ ਸੋਬਰਸ (9) ਤੋਂ ਬਾਅਦ ਉਹ ਦੂਜੇ ਸਥਾਨ ’ਤੇ ਹੈ।