T20 ਵਰਲਡ ਕੱਪ: ਵੈਸਟਇੰਡੀਜ਼ ਨੇ ਇੰਗਲੈਂਡ ਨੂੰ 30 ਦੌੜਾਂ ਨਾਲ ਹਰਾ ਕੇ ਦਰਜ ਕੀਤੀ ਲਗਾਤਾਰ ਦੂਜੀ ਜਿੱਤ

Wednesday, Feb 11, 2026 - 11:17 PM (IST)

T20 ਵਰਲਡ ਕੱਪ: ਵੈਸਟਇੰਡੀਜ਼ ਨੇ ਇੰਗਲੈਂਡ ਨੂੰ 30 ਦੌੜਾਂ ਨਾਲ ਹਰਾ ਕੇ ਦਰਜ ਕੀਤੀ ਲਗਾਤਾਰ ਦੂਜੀ ਜਿੱਤ

ਸਪੋਰਟਸ ਡੈਸਕ- ਆਈਸੀਸੀ ਟੀ-20 ਵਰਲਡ ਕੱਪ 2026 ਦੇ 15ਵੇਂ ਮੁਕਾਬਲੇ ਵਿੱਚ ਵੈਸਟਇੰਡੀਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ 30 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਹੈ। ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੇ ਇਸ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਭਾਵੇਂ ਖ਼ਰਾਬ ਰਹੀ ਅਤੇ ਪਹਿਲੇ ਦੋ ਓਵਰਾਂ ਵਿੱਚ ਹੀ ਸਲਾਮੀ ਬੱਲੇਬਾਜ਼ ਸ਼ਾਈ ਹੋਪ ਅਤੇ ਬ੍ਰੈਂਡਨ ਕਿੰਗ ਆਊਟ ਹੋ ਗਏ, ਪਰ ਇਸ ਤੋਂ ਬਾਅਦ ਸ਼ੇਰਫੇਨ ਰਦਰਫੋਰਡ ਨੇ ਮੈਦਾਨ 'ਤੇ ਤੂਫ਼ਾਨ ਲਿਆ ਦਿੱਤਾ। ਰਦਰਫੋਰਡ ਨੇ ਮਹਿਜ਼ 42 ਗੇਂਦਾਂ ਵਿੱਚ 76 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਸ਼ਿਮਰੋਨ ਹੇਟਮਾਇਰ ਨੇ 23 ਦੌੜਾਂ ਦਾ ਯੋਗਦਾਨ ਪਾਇਆ, ਜਿਸ ਸਦਕਾ ਵੈਸਟਇੰਡੀਜ਼ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 196 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

197 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਸ਼ੁਰੂਆਤ ਵਿੱਚ ਸੰਘਰਸ਼ ਕਰਦੀ ਨਜ਼ਰ ਆਈ। ਚੌਥੇ ਓਵਰ ਵਿੱਚ ਫਿਲ ਸਾਲਟ ਅਤੇ ਸੱਤਵੇਂ ਓਵਰ ਵਿੱਚ ਕਪਤਾਨ ਜੋਸ ਬਟਲਰ ਦੇ ਆਊਟ ਹੋਣ ਨਾਲ ਇੰਗਲੈਂਡ ਦੀਆਂ ਮੁਸ਼ਕਲਾਂ ਵਧ ਗਈਆਂ। ਹੈਰੀ ਬਰੂਕ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ 14ਵੇਂ ਓਵਰ ਵਿੱਚ ਚੱਲਦੇ ਬਣੇ। ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਇੰਗਲੈਂਡ ਦੀ ਪੂਰੀ ਪਾਰੀ ਨੂੰ 166 ਦੌੜਾਂ 'ਤੇ ਹੀ ਸਮੇਟ ਦਿੱਤਾ। ਵੈਸਟਇੰਡੀਜ਼ ਵੱਲੋਂ ਗੁਡਾਕੇਸ਼ ਮੋਤੀ ਨੇ ਸਭ ਤੋਂ ਵੱਧ 3 ਵਿਕਟਾਂ ਝਟਕਾਈਆਂ, ਜਦਕਿ ਰੋਸਟਨ ਚੇਜ਼ ਨੇ 2 ਸਫਲਤਾਵਾਂ ਹਾਸਲ ਕੀਤੀਆਂ।

ਇਸ ਜਿੱਤ ਨਾਲ ਵੈਸਟਇੰਡੀਜ਼ ਦੀ ਟੀਮ ਗਰੁੱਪ ਸੀ ਦੀ ਅੰਕ ਸੂਚੀ ਵਿੱਚ ਚੋਟੀ (Top) 'ਤੇ ਪਹੁੰਚ ਗਈ ਹੈ, ਜਿਸ ਨੇ ਆਪਣੇ ਦੋਵੇਂ ਮੈਚ ਜਿੱਤੇ ਹਨ। ਦੂਜੇ ਪਾਸੇ, ਇੰਗਲੈਂਡ ਦੀ ਟੀਮ ਇੱਕ ਜਿੱਤ ਅਤੇ ਇੱਕ ਹਾਰ ਨਾਲ ਤੀਜੇ ਸਥਾਨ 'ਤੇ ਖਿਸਕ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2024 ਤੋਂ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਹੋਏ 10 ਮੈਚਾਂ ਵਿੱਚੋਂ ਇੰਗਲੈਂਡ ਨੇ 7 ਜਿੱਤੇ ਸਨ ਪਰ ਅੱਜ ਵੈਸਟਇੰਡੀਜ਼ ਨੇ ਬਾਜ਼ੀ ਮਾਰ ਲਈ ਹੈ।


author

Rakesh

Content Editor

Related News