ਪਹਿਲੀ ਪਾਰੀ ’ਚ ਘੱਟ ਦੌੜਾਂ ਬਣਾਉਣਾ ਭਾਰੀ ਪਿਆ : ਪੈਟ ਕਮਿੰਸ
Sunday, Feb 12, 2023 - 12:42 PM (IST)

ਨਾਗਪੁਰ (ਵਾਰਤਾ)- ਭਾਰਤ ਵਿਰੁੱਧ ਪਹਿਲਾ ਟੈਸਟ ਗਵਾਉਣ ਤੋਂ ਬਾਅਦ ਆਸਟਰੇਲੀਅਨ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਭਾਰਤ ਜਿੱਤ ਦਾ ਹੱਕਦਾਰ ਸੀ। ਪਹਿਲੀ ਪਾਰੀ ਵਿਚ ਉਸਦੇ ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਨੇ ਟੀਮ ’ਤੇ ਦਬਾਅ ਵਧਾਇਆ ਜਿਹੜਾ ਅੰਤ ਵਿਚ ਹਾਰ ਦਾ ਕਾਰਨ ਬਣਿਆ। ਕਮਿੰਸ ਨੇ ਕਿਹਾ,‘‘ਪਹਿਲੀ ਪਾਰੀ ’ਚ ਵਿਕਟ ਟਰਨ ਲੈ ਰਹੀ ਸੀ ਪਰ ਬੱਲੇਬਾਜ਼ਾਂ ਲਈ ਉਮੀਦਾਂ ਅਨੁਸਾਰ ਆਸਾਨ ਸੀ। ਪਹਿਲੀ ਪਾਰੀ ਵਿਚ ਸਾਡੇ ਬੱਲੇਬਾਜ਼ਾਂ ਨੇ ਘੱਟ ਦੌੜਾਂ ਜੋੜੀਆਂ। ਜੇਕਰ ਅਸੀਂ ਬਣਾਈਆਂ ਗਈਆਂ ਦੌੜਾਂ ਵਿਚ 100 ਜਾਂ ਉਸ ਤੋਂ ਵੱਧ ਦਾ ਵਾਧਾ ਕਰ ਲੈਂਦੇ ਤਾਂ ਸਾਨੂੰ ਦੂਜੀ ਪਾਰੀ ਵਿਚ ਵਧੇਰੇ ਦਬਾਅ ਦਾ ਸਾਹਮਣਾ ਨਾ ਕਰਨਾ ਪੈਂਦਾ।’’
ਉਸ ਨੇ ਕਿਹਾ,‘‘ਜਦੋਂ ਵਿਕਟ ਘੁੰਮ ਰਹੀ ਹੁੰਦੀ ਹੈ ਤਾਂ ਸਪਿਨਰ ਵਿਰੁੱਧ ਹਮੇਸ਼ਾ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਭਾਰਤੀ ਕਪਤਾਨ ਨੇ ਆਪਣੀ ਕਲਾਸ ਦਿਖਾਈ । ਉਹ ਅਸਲ ਵਿਚ ਮਹਾਨ ਬੱਲੇਬਾਜ਼ ਹੈ। ਦੂਜੀ ਪਾਰੀ ਵਿਚ ਵੀ ਸਾਡੇ ਤਿੰਨ ਜਾਂ ਚਾਰ ਬੱਲੇਬਾਜ਼ ਜਲਦੀ ਹੀ ਪੈਵੇਲੀਅਨ ਪਰਤ ਗਏ, ਜਿਸਦਾ ਅਸਰ ਹੇਠਲੇ ਕ੍ਰਮ ’ਤੇ ਪਿਆ।’’ ਟੌਡ ਮਰਫੀ ਦੀ ਤਾਰੀਫ਼ ਕਰਦੇ ਹੋਏ ਆਸਟ੍ਰੇਲੀਆਈ ਕਪਤਾਨ ਨੇ ਕਿਹਾ, 'ਉਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਹ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਉਸ ਨੇ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ। ਉਸ ਨੇ ਕਾਫੀ ਓਵਰ ਸੁੱਟੇ ਅਤੇ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ।'