ਟੋਕੀਓ ਓਲੰਪਿਕ ''ਚ ਵੱਧ ਤਮਗੇ ਜਿੱਤਣਾ ਮੁਸ਼ਕਿਲ : ਰਿਜਿਜੂ

10/11/2019 1:04:37 AM

ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਹੈ ਕਿ 2020 ਵਿਚ ਹੋਣ ਜਾ ਰਹੀਆਂ ਟੋਕੀਓ ਓਲੰਪਿਕ ਖੇਡਾਂ 'ਚ ਵੱਧ ਤਮਗੇ ਜਿੱਤਣਾ ਥੋੜ੍ਹਾ ਮੁਸ਼ਕਿਲ ਹੈ ਪਰ ਸਾਲ 2024 ਤੇ 2028 ਦੀਆਂ ਓਲੰਪਿਕ ਖੇਡਾਂ ਵਿਚ ਭਾਰਤ ਦਹਾਈ ਦੀ ਗਿਣਤੀ ਵਿਚ ਤਮਗੇ ਜਿੱਤਣ ਦੀ ਕੋਸ਼ਿਸ਼ ਕਰੇਗਾ। ਰਿਜਿਜੂ ਨੇ ਬੁੱਧਵਾਰ ਨੂੰ ਇੱਥੇ ਇਕ ਪ੍ਰੋਗਰਾਮ ਦੌਰਾਨ ਟੋਕੀਓ ਓਲੰਪਿਕ ਲਈ ਭਾਰਤੀ ਖਿਡਾਰੀਆਂ ਦੀਆਂ ਤਿਆਰੀਆਂ ਤੇ ਤਮਗੇ ਜਿੱਤਣ ਦੀਆਂ ਉਮੀਦਾਂ 'ਤੇ ਕਿਹਾ, ''ਅਗਲੇ ਸਾਲ ਵੱਧ ਤਮਗੇ ਜਿੱਤਣਾ ਥੋੜ੍ਹਾ ਮੁਸ਼ਕਿਲ ਹੈ ਪਰ 2024 ਤੇ ਸਾਲ 2028 ਵਿਚ ਅਸੀਂ ਦਹਾਈ ਸੰਖਿਆ ਵਿਚ ਤਮਗੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤੇ ਸਿਰਫ ਇਹ ਹੀ ਨਹੀਂ ਅਸੀਂ ਤਮਗੇ ਜਿੱਤਣ ਵਾਲੇ ਟਾਪ-10 ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋਣ ਲਈ ਪੁਰਜ਼ੋਰ ਕੋਸ਼ਿਸ਼ ਕਰਾਂਗੇ।''
ਖੇਡ ਮੰਤਰੀ ਨੇ ਕਿਹਾ ਕਿ ਖੇਡ ਮੰਤਰਾਲਾ ਦੇਸ਼ ਵਿਚ ਖੇਡਾਂ ਨੂੰ ਉਤਸ਼ਾਹ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤੇ ਇਸਦੇ ਚੰਗੇ ਨਤੀਜੇ ਵੀ ਮਿਲੇ ਹਨ। ਖਿਡਾਰੀਆਂ ਨੇ ਹਾਲ ਹੀ ਵਿਚ ਅਜਿਹੀਆਂ ਪ੍ਰਤੀਯੋਗਿਤਾਵਾਂ ਵਿਚ ਤਮਗੇ ਹਾਸਲ ਕੀਤੇ ਹਨ, ਜਿਨ੍ਹਾਂ ਵਿਚ ਅਸੀਂ ਪਹਿਲਾਂ ਕਦੇ ਜਿੱਤ ਹਾਸਲ ਨਹੀਂ ਕਰ ਸਕੇ ਸੀ। ਉਸ ਨੇ ਕਿਹਾ, ''ਇਹ ਤਮਗੇ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਅਸੀਂ ਆਉਣ ਵਾਲੀਆਂ ਓਲੰਪਿਕ ਖੇਡਾਂ ਵਿਚ ਨਿਸ਼ਚਿਤ ਤੌਰ 'ਤੇ ਕਈ ਤਮਗੇ ਜਿੱਤਾਂਗੇ। ਇਹ ਬਦਲਾਅ ਬੇਹੱਦ ਹਾਂ-ਪੱਖੀ ਹੈ ਤੇ ਅਸੀਂ ਇਸ ਨੂੰ ਅੱਗੇ ਤਕ ਲਿਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ।''
ਟੋਕੀਓ 'ਚ ਖੁੱਲ੍ਹੇਗਾ ਇੰਡੀਆ ਹਾਊਸ
ਟੋਕੀਓ ਵਿਚ 2020 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੌਰਾਨ ਇੰਡੀਅਨ ਓਲੰਪਿਕ ਹਾਸਪਿਟੈਲਿਟੀ ਹਾਊਸ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਭਾਰਤੀ ਸੰਸਕ੍ਰਿਤੀ ਨੂੰ ਵੀ ਦੁਨੀਆ ਦੇ ਸਾਹਮਣੇ ਰੱਖਿਆ ਜਾਵੇਗਾ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਤੇ ਜੇ. ਐੱਸ. ਡਬਲਯੂ. ਗਰੁੱਪ ਨੇ ਵੀਰਵਾਰ ਨੂੰ ਇਸ ਸਾਂਝੇਦਾਰੀ ਦਾ ਐਲਾਨ ਕੀਤਾ, ਜਿਸ ਦੇ ਤਹਿਤ ਜੇ. ਐੱਸ. ਡਬਲਯੂ. ਗਰੁੱਪ ਟੋਕੀਓ ਵਿਚ ਇੰਡੀਅਨ ਓਲੰਪਿਕ ਹਾਸਪਿਟੈਲਿਟੀ ਹਾਊਸ ਖੋਲ੍ਹਿਆ ਜਾਵੇਗਾ। ਇਸ ਦਿਸ਼ਾ 'ਚ ਪਹਿਲਾ ਕਦਮ ਚੁੱਕਦੇ ਹੋਏ ਇੰਡੀਆ ਹਾਊਸ ਦੀਆਂ ਯੋਜਨਾਵਾਂ ਦੀ ਆਈ. ਓ. ਏ. ਤੇ ਜੇ. ਐੱਸ. ਡਬਲਯੂ. ਨੇ ਘੁੰਡ ਚੁਕਾਈ ਕੀਤੀ।  ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਇੰਡੀਆ ਹਾਊਸ ਦੇ ਅਧਿਕਾਰਤ ਲੋਗੋ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਆਈ. ਓ. ਏ. ਦੇ ਮੁਖੀ ਨਰਿੰਦਰ ਧਰੁਵ ਬੱਤਰਾ, ਜਨਰਲ ਸਕੱਤਰ ਰਾਜੀਵ ਮਹਿਤਾ, ਜੇ. ਐੱਸ. ਡਬਲਯੂ. ਸਪੋਰਟਸ ਦੇ ਡਾਇਰੈਕਟਰ ਪਾਰਥ ਜਿੰਦਲ ਤੇ ਜੇ. ਐੱਸ. ਡਬਲਯੂ. ਸਪੋਰਟਸ ਦੇ ਸੀ. ਈ. ਓ. ਮੁਸਤਫਾ ਗੌਸ ਮੌਜੂਦ ਸਨ।
ਇੰਡੀਆ ਹਾਊਸ ਜੁਲਾਈ 2020 ਤੋਂ ਸੰਚਾਲਨ ਵਿਚ ਆਵੇਗਾ। ਇਸ ਨੂੰ ਖੇਡ ਪਿੰਡ ਦੇ ਨੇੜੇ 2200 ਵਰਗ ਮੀਟਰ ਦੇ ਇਲਾਕੇ ਵਿਚ ਸਥਾਪਤ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਭਾਰਤ ਓਲੰਪਿਕ ਖੇਡਾਂ ਵਿਚ ਇਸ ਤਰ੍ਹਾਂ ਦਾ ਸਥਾਨ ਸਥਾਪਤ ਕਰੇਗਾ।


Gurdeep Singh

Content Editor

Related News