ਈਸ਼ਾਨ ਕਿਸ਼ਨ ਦੇ ਸਿਰ 'ਤੇ ਲੱਗੀ ਸੱਟ, ਹਸਪਤਾਲ 'ਚ ਦਾਖ਼ਲ, ਤੀਜੇ ਟੀ20 ਮੈਚ ਤੋਂ ਹੋ ਸਕਦੇ ਨੇ ਬਾਹਰ
Sunday, Feb 27, 2022 - 12:21 PM (IST)
ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦੇ ਦੂਸਰੇ ਮੈਚ 'ਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 2-0 ਨਾਲ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਸ਼ਨੀਵਾਰ ਨੂੰ ਖੇਡੇ ਗਏ ਇਸ ਮੈਚ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ ਈਸ਼ਾਨ ਕਿਸ਼ਨ ਦੇ ਸਿਰ 'ਤੇ ਸੱਟ ਲੱਗ ਗਈ।
ਦੂਜੇ ਟੀ-20 ਮੈਚ 'ਚ 15 ਗੇਂਦਾਂ 'ਤੇ 16 ਦੌੜਾਂ ਬਣਾਉਣ ਵਾਲੇ ਕਿਸ਼ਨ ਭਾਰਤੀ ਪਾਰੀ ਦੇ ਦੌਰਾਨ ਚੌਥੇ ਓਵਰ 'ਚ ਲਾਹਿਰੂ ਕੁਮਾਰਾ ਦੇ ਬਾਊਂਸਰ 'ਤੇ ਸੱਟ ਦਾ ਸਿਕਾਰ ਹੋ ਗਏ ਸਨ। ਇਸ ਵਿਕਟਕੀਪਰ ਬੱਲੇਬਾਜ਼ ਨੇ ਸਿਰ 'ਤੇ ਸੱਟ ਲੱਗਣ ਦੇ ਤੁਰੰਤ ਬਾਅਦ ਆਪਣਾ ਹੈਲਮੇਟ ਉਤਾਰਿਆ ਜਿਸ ਤੋਂ ਬਾਅਦ ਭਾਰਤੀ ਚਿਕਿਤਸਾ ਦਲ ਨੇ ਮੈਦਾਨ 'ਤੇ ਹੀ ਉਸ ਦੀ ਜਾਂਚ ਕੀਤੀ। ਕਿਸ਼ਨ ਨੂੰ ਸਾਵਧਾਨੀ ਦੇ ਤੌਰ 'ਤੇ ਰਾਤ ਭਰ ਹਸਪਤਾਲ 'ਚ ਰੱਖਿਆ ਗਿਆ। ਬੀ. ਸੀ. ਸੀ. ਆਈ. ਕਿਸ਼ਨ ਦੇ ਸਕੈਨ ਦੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : IND v SL 2nd T20 : ਸ਼੍ਰੇਅਸ ਅਈਅਰ ਦਾ ਅਰਧ ਸੈਂਕੜਾ, ਭਾਰਤ ਨੇ ਸੀਰੀਜ਼ ’ਤੇ ਕੀਤਾ ਕਬਜ਼ਾ
ਇਸ਼ਾਨ ਕਿਸ਼ਨ ਤੇ ਸ਼੍ਰੀਲੰਕਾ ਦੇ ਇਕ ਖਿਡਾਰੀ ਦੇ ਵੀ ਸੱਟ ਲੱਗਣ ਕਾਰਨ ਦੋਵਾਂ ਨੂੰ ਕਾਂਗੜਾ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੋ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਏ ਜਾਣ ਕਾਰਨ ਕਾਂਗੜਾ ਫੋਰਟਿਸ ਹਸਪਤਾਲ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਆਖ਼ਰੀ ਮੈਚ 'ਚ ਆਰਾਮ ਦਿੱਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।