ਰਣਜੀ ਮੈਚ ’ਚ ਨਹੀਂ ਖੇਡਿਆ ਈਸ਼ਾਨ, IPL ਤੋਂ ਪਹਿਲਾਂ DY ਪਾਟਿਲ ਟੀ-20 ''ਚ ਖੇਡੇਗਾ
Friday, Feb 16, 2024 - 07:28 PM (IST)
ਜਮਸ਼ੇਦਪੁਰ– ਈਸ਼ਾਨ ਕਿਸ਼ਨ ਦੀ ਰਣਜੀ ਟਰਾਫੀ ਤੋਂ ਗੈਰ-ਹਾਜ਼ਰੀ ਜਾਰੀ ਰਹੀ ਜਦੋਂ ਝਾਰਖੰਡ ਲਈ ਘਰੇਲੂ ਕ੍ਰਿਕਟ ਖੇਡਣ ਵਾਲਾ ਇਹ ਵਿਕਟਕੀਪਰ ਬੱਲੇਬਾਜ਼ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਆਖਰੀ ਦੌਰ ਦੇ ਮੈਚ ਵਿਚ ਵੀ ਟੀਮ ਦਾ ਹਿੱਸਾ ਨਹੀਂ ਬਣਿਆ। ਈਸ਼ਾਨ ਦਾ ਇਹ ਕਦਮ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੂੰ ਪਸੰਦ ਨਹੀਂ ਆਵੇਗਾ, ਵਿਸ਼ੇਸ਼ ਤੌਰ ’ਤੇ ਸਕੱਤਰ ਜੈ ਸ਼ਾਹ ਦੇ ਫਰਮਾਨ ਤੋਂ ਬਾਅਦ। ਝਾਰਖੰਡ ਜਮਸ਼ੇਦਪੁਰ ਵਿਚ ਰਾਜਸਥਾਨ ਨਾਲ ਖੇਡ ਰਿਹਾ ਹੈ। ਇੱਥੋਂ ਤਕ ਕਿ ਤੇਜ਼ ਗੇਂਦਬਾਜ਼ ਦੀਪਕ ਚਾਹਰ ਵੀ ਆਖਰੀ ਦੌਰ ਦੇ ਰਣਜੀ ਮੈਚ ਵਿਚ ਨਹੀਂ ਖੇਡਿਆ ਤੇ ਚੇਨਈ ਸੁਪਰ ਕਿੰਗਜ਼ ਨਾਲ ਟ੍ਰੇਨਿੰਗ ਕਰ ਰਿਹਾ ਹੈ।
ਪਤਾ ਲੱਗਾ ਹੈ ਕਿ ਈਸ਼ਾਨ ਨੂੰ ਭਾਰਤੀ ਟੀਮ ਦੇ ਥਿੰਕ ਟੈਂਕ ਦੇ ਇਕ ਮੈਂਬਰ ਨੇ ਟੈਸਟ ਟੀਮ ਵਿਚ ਵਾਪਸੀ ਲਈ ਰਣਜੀ ਟਰਾਫੀ ਖੇਡਣ ਲਈ ਕਿਹਾ ਸੀ ਪਰ ਇਸ ਤੇਜ਼ਤਰਾਰ ਖਿਡਾਰੀ ਨੇ ਕਥਿਤ ਤੌਰ ’ਤੇ ਕਿਹਾ ਕਿ ਉਹ ਆਪਣੀ ਖੇਡ ਦੇ ‘ਕੁਝ ਤਕਨੀਕੀ ਪਹਿਲੂਆਂ ’ਤੇ ਕੰਮ ਕਰ ਰਿਹਾ ਹੈ’ ਅਤੇ ਲਾਲ ਗੇਂਦ ਦੀ ਕ੍ਰਿਕਟ ਲਈ ਤਿਆਰ ਨਹੀਂ ਹੈ।
ਈਸ਼ਾਨ ਮੁੰਬਈ ਇੰਡੀਅਨਜ਼ ਦੇ ਆਪਣੇ ਕਪਤਾਨ ਹਾਰਦਿਕ ਪੰਡਯਾ ਨਾਲ ਬੜੌਦਾ ਵਿਚ ਟ੍ਰੇਨਿੰਗ ਕਰ ਰਿਹਾ ਹੈ ਤੇ ਮੁੰਬਈ ਦੇ ਡੀ. ਵਾਈ. ਪਾਟਿਲ ਟੀ-20 ਟੂਰਨਮੈਂਟ ਵਿਚ ਆਪਣੇ ਸਪਾਂਸਰ ਭਾਰਤੀ ਰਿਜ਼ਰਵ ਬੈਂਕ ਦੇ ਨਾਲ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਦੀ ਤਿਆਰੀ ਕਰ ਰਿਹਾ ਹੈ। ਡੀ. ਵਾਈ ਪਾਟਿਲ ਟੀ-20 ਟੂਰਨਾਮੈਂਟ ਵਿਚ ਜ਼ਿਆਦਾਤਰ ਸਥਾਨਕ ਟੀਮਾਂ ਹਿੱਸਾ ਲੈਂਦੀਆਂ ਹਨ ਤੇ ਇਸ ਪ੍ਰਤੀਯੋਗਿਤਾ ਵਿਚ ਖੇਡ ਕੇ ਕਈ ਖਿਡਾਰੀ ਆਈ. ਪੀ. ਐੱਲ. ਦੀ ਤਿਆਰੀ ਕਰਦੇ ਹਨ।
ਈਸ਼ਾਨ ਦੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਨਾ ਖੇਡਣ ਅਤੇ ਸਿਰਫ ਆਈ. ਪੀ. ਐੱਲ. ’ਤੇ ਧਿਆਨ ਦੇਣ ਕਾਰਨ ਬੀ. ਸੀ. ਸੀ. ਆਈ. ਨੂੰ ਖਿਡਾਰੀਆਂ ਦੇ ਇਸ ਲੀਗ ਦੀ ਨਿਲਾਮੀ ਵਿਚ ਹਿੱਸਾ ਲੈਣ ਦੇ ਯੋਗ ਹੋਣ ਲਈ ਘੱਟ ਤੋਂ ਘੱਟ ਰਣਜੀ ਟਰਾਫੀ ਮੈਚਾਂ ਵਿਚ ਖੇਡਣਾ ਜ਼ਰੂਰੀ ਕਰਨ ਲਈ ਮਜਬੂਰ ਹੋਣਾ ਪਿਆ।