ਅੱਜ ਚੇਨਈ ਤੇ ਹੈਦਰਾਬਾਦ ਦੀ ਟੀਮ ਹੋਵੇਗੀ ਆਹਮੋ-ਸਾਹਮਣੇ, ਬੱਲੇਬਾਜ਼ੀ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ...

Monday, May 18, 2026 - 11:04 AM (IST)

ਅੱਜ ਚੇਨਈ ਤੇ ਹੈਦਰਾਬਾਦ ਦੀ ਟੀਮ ਹੋਵੇਗੀ ਆਹਮੋ-ਸਾਹਮਣੇ, ਬੱਲੇਬਾਜ਼ੀ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ...

ਚੇਨਈ (ਭਾਸ਼ਾ) : ਹੁਣ ਤੱਕ ਜ਼ਿਆਦਾਤਰ ਮੈਚਾਂ ’ਚ ਆਪਣੇ ਬੱਲੇਬਾਜ਼ਾਂ ਦੇ ਦਮ ’ਤੇ ਜਿੱਤ ਹਾਸਲ ਕਰਨ ਵਾਲੀ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਸੋਮਵਾਰ ਨੂੰ ਇੱਥੇ ਜਦੋਂ ਆਈ. ਪੀ. ਐੱਲ. ਮੈਚ ’ਚ ਆਹਮੋ-ਸਾਹਮਣੇ ਹੋਣਗੀਅਾਂ ਤਾਂ ਬੱਲੇਬਾਜ਼ੀ ਵਿਭਾਗ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਦੀ ਜਿੱਤ ਦੀ ਸੰਭਾਵਨਾ ਜ਼ਿਆਦਾ ਰਹੇਗੀ।

ਪਲੇਅ ਆਫ ’ਚ ਜਗ੍ਹਾ ਬਣਾਉਣ ਲਈ ਇਨ੍ਹਾਂ ਦੋਵਾਂ ਟੀਮਾਂ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੈ। ਹੈਦਰਾਬਾਦ ਹਾਲਾਂਕਿ ਚੇਨਈ ਦੀ ਤੁਲਨਾ ’ਚ ਬਿਹਤਰ ਸਥਿਤੀ ’ਚ ਹੈ। ਉਸ ਦੇ 12 ਮੈਚਾਂ ’ਚੋਂ 14 ਅੰਕ ਹਨ ਤੇ ਅਜੇ ਉਹ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਚੇਨਈ ਦੀ ਟੀਮ ਦੇ 12 ਮੈਚਾਂ ’ਚੋਂ 12 ਅੰਕ ਹਨ ਤੇ ਉਹ 6ਵੇਂ ਸਥਾਨ ’ਤੇ ਹੈ। ਉਸ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਨੇ ਕਿਹਾ ਸੀ ਕਿ ਉਸ ਲਈ ਹੁਣ ਬਾਕੀ ਬਚੇ ਦੋਵੇਂ ਮੈਚ ਫਾਈਨਲ ਵਰਗੇ ਹੋ ਗਏ ਹਨ।

ਚੇਨਈ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਹੁਣ ਤੱਕ ਜਦੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਤਦ ਟੀਮ ਨੂੰ ਜਿੱਤ ਮਿਲੀ। ਅਜਿਹੇ ’ਚ ਉਸ ਦੀ ਸੰਭਾਵਨਾ ਬਰਕਰਾਰ ਰੱਖਣ ਲਈ ਸੰਜੂ ਸੈਮਸਨ, ਰਿਤੁਰਾਜ ਗਾਇਕਵਾੜ, ਉਰਵਿਲ ਪਟੇਲ ਤੇ ਕਾਰਤਿਕ ਸ਼ਰਮਾ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਲਖਨਊ ਸੁਪਰ ਜਾਇੰਟਸ ਖਿਲਾਫ ਪਿਛਲੇ ਮੈਚ ’ਚ ਇਨ੍ਹਾਂ ’ਚੋਂ ਸਿਰਫ ਕਾਰਤਿਕ ਨੇ ਹੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਤੋਂ ਇਲਾਵਾ ਸ਼ਿਵਮ ਦੂਬੇ ਨੇ ਆਖਰੀ ਓਵਰਾਂ ’ਚ ਹਮਲਾਵਰ ਪਾਰੀ ਖੇਡੀ ਸੀ ਪਰ ਉਸ ਦੇ ਗੇਂਦਬਾਜ਼ 188 ਦੌੜਾਂ ਦੇ ਟੀਚੇ ਦਾ ਬਚਾਅ ਨਹੀਂ ਕਰ ਸਕੇ ਸਨ।

ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੇ ਇਸ ਤੋਂ ਪਹਿਲਾਂ ਆਪਣੀ ਵਿਕਟ ਲੈਣ ਦੀ ਯੋਗਤਾ ਦਾ ਚੰਗਾ ਨਮੂਨਾ ਪੇਸ਼ ਕੀਤਾ ਸੀ ਪਰ ਪਿਛਲੇ ਮੈਚ ’ਚ ਉਸ ਨੇ ਸਿਰਫ 2.4 ਓਵਰਾਂ ’ਚ 63 ਦੌੜਾਂ ਦੇ ਦਿੱਤੀਆਂ ਸਨ। ਉਸ ਦੀ ਇਕਾਨਮੀ ਰੇਟ 23.62 ਰਹੀ ਜਿਹੜਾ ਟੀ-20 ਕ੍ਰਿਕਟ ’ਚ ਘੱਟੋ-ਘੱਟ 15 ਗੇਂਦਾਂ ਕਰਨ ਵਾਲੇ ਗੇਂਦਬਾਜ਼ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਉਨ੍ਹਾਂ ਨੂੰ ਜਲਦੀ ਆਪਣੀ ਲੈਅ ਹਾਸਲ ਕਰਨੀ ਪਵੇਗੀ।

ਜਿੱਥੋਂ ਤੱਕ ਸਨਰਾਈਜ਼ਰਜ਼ ਦੀ ਗੱਲ ਹੈ ਤਾਂ ਕਦੇ ਉਸ ਦੀ ਬੱਲੇਬਾਜ਼ੀ ਟੂਰਨਾਮੈਂਟ ’ਚ ਸਭ ਤੋਂ ਮਜ਼ਬੂਤ ਨਜ਼ਰ ਆਉਂਦੀ ਹੈ ਪਰ ਕਦੇ ਉਹ ਫਾਡੀ ਸਾਬਤ ਹੋ ਜਾਂਦੀ ਹੈ ਜਿਵੇਂ ਕਿ ਪਿਛਲੇ ਮੈਚ ’ਚ ਹੋਇਆ। ਗੁਜਰਾਤ ਖਿਲਾਫ 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਉਸ ਦੀ ਪੂਰੀ ਟੀਮ 86 ਦੌੜਾਂ ’ਤੇ ਆਊਟ ਹੋ ਗਈ ਸੀ। ਸਨਰਾਈਜ਼ਰਜ਼ ਨੂੰ ਉਸ ਸ਼ਰਮਨਾਕ ਪ੍ਰਦਰਸ਼ਨ ਨੂੰ ਭੁੱਲ ਕੇ ਜਲਦ ਤੋਂ ਜਲਦ ਆਪਣੇ ਪੁਰਾਣੇ ਤੇਵਰ ਦਿਖਾਉਣੇ ਪੈਣਗੇ। ਇਸ ਲਈ ਜ਼ਰੂਰੀ ਹੈ ਕਿ ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ ਤੇ ਈਸ਼ਾਨ ਕਿਸ਼ਨ ਆਪਣੇ ਪ੍ਰਦਰਸ਼ਨ ’ਚ ਨਿਰੰਤਰਤਾ ਬਣਾਈ ਰੱਖਣ। ਹੁਣ ਤੱਕ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲਾ ਹੈਨਰਿਕ ਕਲਾਸੇਨ ਵੀ ਪਿਛਲੇ ਮੈਚ ’ਚ ਨਹੀਂ ਚੱਲ ਸਕਿਆ ਸੀ।

ਜਿੱਥੋਂ ਤੱਕ ਸਨਰਾਈਜ਼ਰਜ਼ ਦੀ ਗੇਂਦਬਾਜ਼ੀ ਦੀ ਗੱਲ ਹੈ ਤਾਂ ਉਸ ਦੇ ਕਪਤਾਨ ਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਕਿਫਾਇਤੀ ਸਾਬਤ ਹੋਇਆ ਹੈ ਪਰ ਇਸ਼ਾਨ ਮਲਿੰਗਾ ਪਿਛਲੇ ਮੈਚ ’ਚ ਮਹਿੰਗਾ ਸਾਬਤ ਹੋਇਆ ਸੀ। ਚੇਪਾਕ ਦੀ ਹੌਲੀ ਪਿੱਚ ’ਤੇ ਉਸ ਦੇ ਸਪਿੰਨਰ ਸ਼ਿਵਾਂਗ ਕੁਮਾਰ ਦੀ ਭੂਮਿਕਾ ਵੀ ਅਹਿਮ ਹੋਵੇਗੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਜਿਹੜਾ ਪਿਛਲੇ ਮੈਚ ਖੇਡਿਆ ਗਿਆ ਸੀ, ਉਸ ’ਚ ਸਨਰਾਈਜ਼ਰਜ਼ ਨੇ 10 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ ਤੇ ਉਹ ਉਸ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

SATPAL

Content Editor

Related News