IPL ''ਚ ਸ਼ੱਕੀ ਗਤੀਵਿਧੀਆਂ ਦੀ ਦਿੱਤੀ ਸੀ ਰਿਪੋਰਟ : ਮੈਕਸਵੈੱਲ
Tuesday, Jul 24, 2018 - 10:38 PM (IST)
ਮੈਲਬੋਰਨ- ਸਪਾਟ ਫਿਕਸਿੰਗ ਤੇ ਸੱਟੇਬਾਜ਼ੀ ਲਈ ਬਦਨਾਮ ਹੋ ਚੁੱਕੀ ਆਈ. ਪੀ. ਐੱਲ. ਦਾ ਲੰਬੇ ਸਮੇਂ ਤੋਂ ਹਿੱਸਾ ਰਹੇ ਆਸਟਰੇਲੀਆਈ ਬੱਲੇਬਾਜ਼ ਗਲੇਨ ਮੈਕਸਵੈੱਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਟੀ-20 ਲੀਗ ਦੌਰਾਨ ਕਈ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਭ੍ਰਿਸ਼ਟਾਚਾਰ ਰੂਕੋ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਸਨ।

ਸਮਾਚਾਰ ਚੈਨਲ ਅਲ ਜਜੀਰਾ ਦੀ ਡਾਕੂਮੈਂਟਰੀ ਵਿਚ ਕੌਮਾਂਤਰੀ ਕ੍ਰਿਕਟ ਮੈਚਾਂ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਆਈ ਰਿਪੋਰਟ ਵਿਚ ਮੈਕਸਵੈੱਲ ਦਾ ਨਾਂ ਵੀ ਕਥਿਤ ਤੌਰ 'ਤੇ ਸਪਾਟ ਫਿਕਸਿੰਗ ਵਿਚ ਸਾਹਮਣੇ ਆਇਆ ਸੀ। ਮੈਕਸਵੈੱਲ ਨੇ ਇਨ੍ਹਾਂ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ ਤੇ ਕਿਹਾ ਕਿ ਉਹ ਇਸ ਤੋਂ ਬਹੁਤ ਹੀ ਹੈਰਾਨ ਹੈ। ਹਾਲਾਂਕਿ ਉਸ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਉਸਨੇ ਆਈ. ਪੀ. ਐੱਲ. ਦੌਰਾਨ ਕਈ ਸ਼ੱਕੀ ਗਤੀਵਿਧੀਆਂ ਦੇਖੀਆਂ ਸਨ ਤੇ ਇਸਦੀ ਜਾਣਕਾਰੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਅਧਿਕਾਰੀਆਂ ਨਾਲ ਸਾਂਝੀ ਕੀਤੀ ਸੀ।

ਮੈਕਸਵੈੱਲ ਨੇ ਸੇਨ ਰੇਡੀਓ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਜਿਹੜੀ ਫੁਟੇਜ ਡਾਕੂਮੈਂਟਰੀ ਵਿਚ ਦਿਖਾਈ ਗਈ ਹੈ, ਉਹ ਉਸਦੀ ਬੱਲੇਬਾਜ਼ੀ ਦੀ ਹੈ। ਉਸ ਨੇ ਆਈ. ਪੀ. ਐੱਲ. ਨੂੰ ਲੈ ਕੇ ਕਿਹਾ ਕਿ ਮੈਂ ਪੂਰੇ ਆਈ. ਪੀ. ਐੱਲ. ਦੌਰਾਨ ਭ੍ਰਿਸ਼ਟਾਚਾਰ ਰੋਕੂ ਅਧਿਕਾਰੀਆਂ ਨਾਲ ਬਹੁਤ ਸੱਚਾ ਰਿਹਾ ਹਾਂ।

ਆਈ. ਪੀ. ਐੱਲ. ਵਿਚ ਇਕ ਸੈਸ਼ਨ ਦੀ ਨੀਲਾਮੀ ਵਿਚ ਸਭ ਤੋਂ ਵੱਧ ਕੀਮਤ ਹਾਸਲ ਕਰਨ ਤੋਂ ਬਾਅਦ 'ਮਿਲੀਅਨ ਡਾਲਰ ਬੇਬੀ' ਦੇ ਨਾਂ ਨਾਲ ਮਸ਼ਹੂਰ ਹੋਏ ਮੈਕਸਵੈੱਲ ਨੇ ਕਿਹਾ ਮੈਂ ਜਦੋਂ ਵੀ ਲੀਗ ਵਿਚ ਕੁਝ ਸ਼ੱਕੀ ਹੁੰਦਾ ਦੇਖਿਆ, ਇਸਦੀ ਜਾਣਕਾਰੀ ਏ. ਸੀ. ਯੂ. ਅਧਿਕਾਰੀਆਂ ਨੂੰ ਦਿੱਤੀ ਹੈ। ਮੈਂ ਉਨ੍ਹਾਂ ਦੇ ਨਾਲ ਕਾਫੀ ਪੀਣ ਲਈ ਬੈਠਾ ਤੇ ਦੇਰ ਤਕ ਇਸਦੇ ਬਾਰੇ ਵਿਚ ਚਰਚਾ ਕੀਤੀ, ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਅਜਿਹਾ ਕਦੇ ਨਹੀਂ ਹੋਵੇਗਾ।
