ਆਈ.ਪੀ.ਐੱਲ. ’ਚ ਰਬਾਡਾ ਤੇ ਨੋਰਤਜੇ ਦੀ ਉਪਲੱਬਧਤਾ ’ਤੇ ਦਿੱਲੀ ਕੈਪੀਟਲਸ ਨੇ ਮੰਗੀ ਸਪੱਸ਼ਟਤਾ
Tuesday, Feb 16, 2021 - 02:13 AM (IST)
ਨਵੀਂ ਦਿੱਲੀ – ਆਈ. ਪੀ. ਐੱਲ.-14 ਲਈ ਖਿਡਾਰੀਆਂ ਦੀ ਨਿਲਾਮੀ ਦਾ ਸਮਾਂ ਤੇਜ਼ੀ ਨਾਲ ਨੇੜੇ ਆ ਰਿਹਾ ਹੈ ਤੇ ਆਈ. ਪੀ.ਐੱਲ. ਟੀਮ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 2021 ਸੈਸ਼ਨ ਲਈ ਦੱਖਣੀ ਅਫਰੀਕੀ ਖਿਡਾਰੀ ਕੈਗਿਸੋ ਰਬਾਡਾ ਤੇ ਐਨਰਿਚ ਨੋਰਤਜੇ ਦੀ ਉਪਲਬੱਧਤਾ ’ਤੇ ਸਪੱਸ਼ਟਤਾ ਮੰਗੀ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਦੀ ਦੱਖਣੀ ਅਫਰੀਕੀ ਟੀਮ ਦੀ ਪਾਕਿਸਤਾਨ ਵਿਰੁੱਧ ਅਪ੍ਰੈਲ ਵਿਚ ਵਨ ਡੇ ਤੇ ਟੀ-20 ਲੜੀ ਦੇ ਐਲਾਨ ਤੋਂ ਬਾਅਦ ਦਿੱਲੀ ਕੈਪੀਟਲਸ ਦੇ ਨਾਲ-ਨਾਲ ਆਈ. ਪੀ. ਐੱਲ. ਦੀਆਂ ਹੋਰਨਾਂ ਫ੍ਰੈਂਚਾਈਜ਼ੀਆਂ ਨੇ ਵੀ ਅਧਿਕਾਰਤ ਰੂਪ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੇ ਸਾਹਮਣੇ ਇਹ ਮੁੱਦਾ ਉਠਾਇਆ ਸੀ।
ਮੌਜੂਦਾ ਸਮੇਂ ਵਿਚ 7 ਦੱਖਣੀ ਅਫਰੀਕੀ ਖਿਡਾਰੀ 5 ਆਈ. ਪੀ.ਐੱਲ. ਫ੍ਰੈਂਚਾਈਜ਼ੀਆਂ ਦੇ ਪ੍ਰਮੱੁਖ ਖਿਡਾਰੀਆਂ ਦੀ ਸੂਚੀ ਵਿਚ ਹਨ, ਜਿਨ੍ਹਾਂ ਵਿਚ ਰਬਾਡਾ ਤੇ ਨੋਰਤਜੇ (ਦਿੱਲੀ ਕੈਪੀਟਲਸ), ਫਾਫ ਡੂ ਪਲੇਸਿਸ ਤੇ ਲੂੰਗੀ ਇਨਗਿਡੀ (ਚੇਨਈ ਸੁਪਰ ਕਿੰਗਜ਼), ਕਵਿੰਟਨ ਡੀ ਕੌਕ (ਮੁੰਬਈ ਇੰਡੀਅਨਜ਼), ਏ. ਬੀ. ਡਿਵਿਲੀਅਰਸ (ਰਾਇਲ ਚੈਲੰਜਰਜ਼ ਬੈਂਗਲੁਰੂ) ਤੇ ਡੇਵਿਡ ਮਿਲਰ (ਰਾਜਸਥਾਨ ਰਾਇਲਜ਼) ਸ਼ਾਮਲ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਫ੍ਰੈਂਚਾਈਜ਼ੀਆਂ ਨੇ ਇਸ ਸੈਸ਼ਨ ਲਈ ਰਿਟੇਨ ਕੀਤਾ ਹੈ।