IPL Auction 2022 FlashBack: ਪਹਿਲੀ ਵਾਰ ਹੋਈਆਂ ਸਨ ਇਹ 5 ਚੀਜ਼ਾਂ, ਕੀ ਤੁਹਾਨੂੰ ਯਾਦ ਹਨ
Friday, Dec 23, 2022 - 01:07 PM (IST)
ਖੇਡ ਡੈਸਕ : ਜੇਕਰ ਤੁਸੀਂ ਵੀ ਆਈ.ਪੀ.ਐੱਲ. ਦੇ ਪ੍ਰਸ਼ੰਸਕ ਹੋ ਤਾਂ ਤੁਸੀਂ 2022 ਦੀ ਨਿਲਾਮੀ ਨੂੰ ਨਹੀਂ ਭੁੱਲੇ ਹੋਵੋਗੇ। ਇਹ ਨਿਲਾਮੀ ਸੀ ਜਿਸ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਕਈ ਅਜਿਹੇ ਫ਼ੈਸਲੇ ਸਾਹਮਣੇ ਆਏ ਜੋ ਆਈ.ਪੀ.ਐੱਲ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਭਾਰਤ ਦੇ ਵੱਡੇ ਸਟਾਰ ਖਿਡਾਰੀ ਨੂੰ ਖਰੀਦਦਾਰ ਹੀ ਨਹੀਂ ਮਿਲਿਆ। ਚੇਨਈ ਅਤੇ ਮੁੰਬਈ ਨੇ ਅਜਿਹੇ ਕਦਮ ਚੁੱਕੇ ਜੋ ਉਨ੍ਹਾਂ ਨੇ ਆਪਣੇ 15 ਸਾਲਾਂ ਦੇ ਇਤਿਹਾਸ 'ਚ ਨਹੀਂ ਚੁੱਕੇ ਸਨ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਈ.ਪੀ.ਐੱਲ. ਨਿਲਾਮੀ 2022 ਦੇ ਫਲੈਸ਼ਬੈਕ 'ਚ।
11 ਖਿਡਾਰੀ 10 ਕਰੋੜ ਰੁਪਏ ਤੋਂ ਵੱਧ 'ਚ ਵਿਕੇ
ਇਹ ਆਈ.ਪੀ.ਐੱਲ ਦਾ ਵੱਡਾ ਰਿਕਾਰਡ ਸੀ। ਨਵੇਂ ਸਟਾਰ ਖਿਡਾਰੀਆਂ ਨੇ ਬਹੁਤ ਸਾਰਾ ਪੈਸਾ ਜੇਬ 'ਚ ਪਾਇਆ। ਇਸ ਸੂਚੀ 'ਚ ਈਸ਼ਾਨ ਕਿਸ਼ਨ ਸਭ ਤੋਂ ਵੱਡੇ ਸਥਾਨ 'ਤੇ ਰਹੇ। 23 ਸਾਲਾ ਈਸ਼ਾਨ ਨੂੰ ਰਿਕਾਰਡ 15.25 ਕਰੋੜ ਰੁਪਏ ਮਿਲੇ ਹਨ। ਇਸੇ ਤਰ੍ਹਾਂ ਚੇਨਈ ਸੁਪਰ ਕਿੰਗਜ਼ ਨੇ ਦੀਪਕ ਚਾਹਰ ਲਈ 14 ਕਰੋੜ ਰੁਪਏ ਦਾਅ 'ਤੇ ਲਗਾ ਦਿੱਤੇ। ਇੱਥੇ ਪੰਜਾਬ ਕਿੰਗਜ਼ ਵੀ ਪਿੱਛੇ ਨਹੀਂ ਰਹੀ। ਇੰਗਲੈਂਡ ਦੇ ਲਿਆਮ ਲਿਵਿੰਗਸਟੋਨ ਲਈ 11.50 ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ। ਪਹਿਲੀ ਵਾਰ ਨਿਲਾਮੀ 'ਚ ਰਿਕਾਰਡ 11 ਖਿਡਾਰੀ 10 ਕਰੋੜ ਤੋਂ ਵੱਧ 'ਚ ਵਿਕੇ। ਵੇਖੋ ਲਿਸਟ-
ਈਸ਼ਾਨ ਕਿਸ਼ਨ (15.25 ਕਰੋੜ ਰੁਪਏ- ਮੁੰਬਈ)
ਦੀਪਕ ਚਾਹਰ (14 ਕਰੋੜ ਰੁਪਏ- ਚੇਨਈ)
ਸ਼੍ਰੇਅਸ ਅਈਅਰ (12.25 ਕਰੋੜ ਰੁਪਏ- ਕੋਲਕਾਤਾ)
ਲਿਆਮ ਲਿਵਿੰਗਸਟੋਨ (11.50 ਕਰੋੜ ਰੁਪਏ- ਪੰਜਾਬ)
ਸ਼ਾਰਦੁਲ ਠਾਕੁਰ (10.75 ਕਰੋੜ ਰੁਪਏ- ਦਿੱਲੀ)
ਵਾਨਿੰਦੂ ਹਸਰੰਗਾ (10.75 ਕਰੋੜ ਰੁਪਏ- ਬੈਂਗਲੁਰੂ)
ਹਰਸ਼ਲ ਪਟੇਲ (10.75 ਕਰੋੜ ਰੁਪਏ- ਬੈਂਗਲੁਰੂ)
ਨਿਕੋਲਸ ਪੂਰਨ (10.75 ਕਰੋੜ ਰੁਪਏ- ਹੈਦਰਾਬਾਦ)
ਲਾਕੀ ਫਰਗੂਸਨ (10 ਕਰੋੜ ਰੁਪਏ- ਗੁਜਰਾਤ)
ਅਵੇਸ਼ ਖਾਨ (10 ਕਰੋੜ ਰੁਪਏ- ਲਖਨਊ)
ਪ੍ਰਸਿੱਧ ਕ੍ਰਿਸ਼ਨਾ (10 ਕਰੋੜ ਰੁਪਏ- ਰਾਜਸਥਾਨ)
ਧੋਨੀ ਨਾਲੋਂ ਮਹਿੰਗੇ ਵਿਕੇ ਦੀਪਕ
ਪ੍ਰਦਰਸ਼ਨ ਦੇ ਦਬਾਅ 'ਚ ਚੇਨਈ ਸੁਪਰ ਕਿੰਗਜ਼ ਨੇ ਆਈ.ਪੀ.ਐੱਲ ਇਤਿਹਾਸ 'ਚ ਪਹਿਲੀ ਵਾਰ ਨਿਲਾਮੀ 'ਚ 10 ਕਰੋੜ ਤੋਂ ਵੱਧ ਦਾ ਭੁਗਤਾਨ ਕਰਕੇ ਕਿਸੇ ਖਿਡਾਰੀ ਨੂੰ ਸਾਈਨ ਕੀਤਾ। ਇਹ ਖਿਡਾਰੀ ਦੀਪਕ ਚਾਹਰ ਸੀ। ਦੀਪਕ ਨੇ ਆਈ.ਪੀ.ਐੱਲ 2021 ਦੇ 15 ਮੈਚਾਂ 'ਚ 14 ਵਿਕਟਾਂ ਲਈਆਂ। ਉਨ੍ਹਾਂ ਦੀ ਇਕੋਨਮੀ 8.35 ਰਹੀ ਸੀ।ਬਾਵਜੂਦ ਇਸ ਦੇ ਉਨ੍ਹਾਂ ਨੂੰ ਧੋਨੀ ਤੋਂ ਜ਼ਿਆਦਾ ਪੈਸੇ ਮਿਲੇ। ਸੀ.ਐੱਸ.ਕੇ ਪ੍ਰਬੰਧਨ ਨੇ ਧੋਨੀ ਨੂੰ 12 ਕਰੋੜ ਰੁਪਏ 'ਚ ਬਰਕਰਾਰ ਰੱਖਿਆ, ਜਦੋਂ ਕਿ ਦੀਪਕ ਚਾਹਰ ਨੂੰ ਨਿਲਾਮੀ 'ਚ 2 ਕਰੋੜ ਰੁਪਏ 'ਚ ਬਰਕਰਾਰ ਰੱਖਿਆ ਗਿਆ।
ਮੁੰਬਈ ਨੇ ਵੀ ਰਿਕਾਰਡ ਤੋੜ ਦਿੱਤਾ
ਮੁੰਬਈ ਲਈ ਲੰਬੇ ਸਮੇਂ ਤੱਕ ਰੋਹਿਤ ਸ਼ਰਮਾ, ਲਸਿਥ ਮਲਿੰਗਾ, ਜਸਪ੍ਰੀਤ ਬੁਮਰਾਹ, ਕੈਰਨ ਪੋਲਾਰਡ ਰਿਟੇਨ ਹੁੰਦੇ ਰਹੇ। ਉਨ੍ਹਾਂ ਨੂੰ ਬਹੁਤ ਸਾਰਾ ਪੈਸਾ ਮਿਲਿਆ। ਪਰ ਮੁੰਬਈ ਨੇ ਆਈ.ਪੀ.ਐੱਲ 2022 ਦੀ ਨਿਲਾਮੀ 'ਚ ਪਹਿਲੀ ਵਾਰ ਕਿਸੇ ਖਿਡਾਰੀ 'ਤੇ 10 ਕਰੋੜ ਤੋਂ ਵੱਧ ਦੀ ਰਕਮ ਲਗਾਈ। ਇਹ ਖਿਡਾਰੀ ਈਸ਼ਾਨ ਕਿਸ਼ਨ ਸੀ। ਈਸ਼ਾਨ ਦੀ ਬੇਸ ਪ੍ਰਾਈਸ 2 ਕਰੋੜ ਸੀ। ਈਸ਼ਾਨ ਯੁਵਰਾਜ ਸਿੰਘ ਦਾ ਰਿਕਾਰਡ ਤੋੜਣ ਤੋਂ ਬਚ ਗਏ। ਯੁਵਰਾਜ ਨੂੰ ਆਈ.ਪੀ.ਐੱਲ 2015 ਸੀਜ਼ਨ 'ਚ ਦਿੱਲੀ ਨੇ 16 ਕਰੋੜ ਰੁਪਏ 'ਚ ਖਰੀਦਿਆ ਸੀ।
ਸਭ ਤੋਂ ਮਹਿੰਗਾ ਅਨਕੈਪਡ ਖਿਡਾਰੀ ਮਿਲਿਆ
ਦੁਨੀਆ ਨੇ ਅਵੇਸ਼ ਖਾਨ 'ਚ ਇਕ ਨਵਾਂ ਗੇਂਦਬਾਜ਼ ਦੇਖਿਆ ਜਿਸ ਨੇ ਅਨਕੈਪਡ ਹੋਣ ਦੇ ਬਾਵਜੂਦ ਰਿਕਾਰਡ 10 ਕਰੋੜ ਰੁਪਏ ਕਮਾਏ। ਭਾਰਤ ਲਈ 2016 'ਚ ਅੰਡਰ-19 ਵਿਸ਼ਵ ਕੱਪ ਖੇਡਣ ਵਾਲੇ ਅਵੇਸ਼ ਨੂੰ ਲਖਨਊ ਸੁਪਰਜਾਇੰਟਸ ਨੇ ਖਰੀਦਿਆ ਸੀ। ਅਵੇਸ਼ ਦੀ ਮੂਲ ਕੀਮਤ 20 ਲੱਖ ਸੀ। ਉਨ੍ਹਾਂ ਨੇ ਨਵਾਂ ਰਿਕਾਰਡ ਬਣਾ ਦਿੱਤਾ।
ਮਿਸਟਰ ਆਈ.ਪੀ.ਐੱਲ ਨੂੰ ਖਰੀਦਦਾਰ ਨਹੀਂ ਮਿਲਿਆ
ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਿਸਟਰ ਆਈ.ਪੀ.ਐੱਲ ਸੁਰੇਸ਼ ਰੈਨਾ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਚੇਨਈ ਲਈ ਰਿਕਾਰਡ 158 ਮੈਚ ਖੇਡਣ ਵਾਲੇ ਰੈਨਾ ਨੂੰ 5528 ਦੌੜਾਂ ਬਣਾਉਣ ਦੇ ਬਾਵਜੂਦ ਕੋਈ ਖਰੀਦਦਾਰ ਨਹੀਂ ਮਿਲਿਆ। ਸ਼ਾਇਦ ਸਾਰੀਆਂ ਫ੍ਰੈਂਚਾਇਜ਼ੀ ਦੇ ਮਾਲਕ ਭਵਿੱਖ ਦੀ ਟੀਮ 'ਚ ਜ਼ਿਆਦਾ ਉਮਰ ਦੇ ਹੋ ਚੁੱਕੇ ਰੈਨਾ ਨੂੰ ਫਿੱਟ ਨਹੀਂ ਸਮਝ ਰਹੇ ਸਨ। ਪਰ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਚੇਨਈ ਨੇ ਰੈਨਾ ਲਈ ਬੋਲੀ ਵੀ ਨਹੀਂ ਲਗਾਈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।