IPL 2026: ਦਿੱਲੀ ਕੈਪੀਟਲਜ਼ ਨੂੰ ਲੱਗਾ ਵੱਡਾ ਝਟਕਾ; ਧਾਕੜ ਖਿਡਾਰੀ ਨੇ ਟੂਰਨਾਮੈਂਟ ਤੋਂ ਲਿਆ ਨਾਂ ਵਾਪਸ

Wednesday, Mar 25, 2026 - 11:45 AM (IST)

IPL 2026: ਦਿੱਲੀ ਕੈਪੀਟਲਜ਼ ਨੂੰ ਲੱਗਾ ਵੱਡਾ ਝਟਕਾ; ਧਾਕੜ ਖਿਡਾਰੀ ਨੇ ਟੂਰਨਾਮੈਂਟ ਤੋਂ ਲਿਆ ਨਾਂ ਵਾਪਸ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੀ ਟੀਮ ਨੂੰ ਇੱਕ ਕਰਾਰਾ ਝਟਕਾ ਲੱਗਿਆ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਬੇਨ ਡਕੇਟ ਨੇ 'ਵਰਕਲੋਡ ਮੈਨੇਜਮੈਂਟ' ਦਾ ਹਵਾਲਾ ਦਿੰਦੇ ਹੋਏ ਟੂਰਨਾਮੈਂਟ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਡਕੇਟ 'ਤੇ ਬੀਸੀਸੀਆਈ (BCCI) ਦੇ ਨਵੇਂ ਨਿਯਮਾਂ ਤਹਿਤ ਦੋ ਸਾਲਾਂ ਦੀ ਪਾਬੰਦੀ ਲੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਕੀ ਹੈ ਬੀਸੀਸੀਆਈ ਦਾ ਨਵਾਂ ਨਿਯਮ? 
ਆਈਪੀਐਲ ਦੇ ਮੌਜੂਦਾ ਨਿਯਮਾਂ ਮੁਤਾਬਕ ਜੇਕਰ ਕੋਈ ਵਿਦੇਸ਼ੀ ਖਿਡਾਰੀ ਨਿਲਾਮੀ ਵਿੱਚ ਚੁਣੇ ਜਾਣ ਤੋਂ ਬਾਅਦ ਬਿਨਾਂ ਕਿਸੇ ਪੁਖ਼ਤਾ ਡਾਕਟਰੀ ਕਾਰਨ ਦੇ ਆਪਣਾ ਨਾਮ ਵਾਪਸ ਲੈਂਦਾ ਹੈ, ਤਾਂ ਉਸ 'ਤੇ ਦੋ ਸਾਲਾਂ ਦੀ ਪਾਬੰਦੀ ਲਗਾਈ ਜਾ ਸਕਦੀ ਹੈ। ਜੇਕਰ ਬੀਸੀਸੀਆਈ ਇਹ ਕਾਰਵਾਈ ਕਰਦਾ ਹੈ, ਤਾਂ ਡਕੇਟ ਨਾ ਸਿਰਫ਼ IPL 2026 ਤੋਂ ਬਾਹਰ ਹੋਣਗੇ, ਸਗੋਂ ਉਹ 2027 ਅਤੇ 2028 ਦੀ ਨਿਲਾਮੀ ਵਿੱਚ ਵੀ ਹਿੱਸਾ ਨਹੀਂ ਲੈ ਸਕਣਗੇ। ਅਜਿਹੀ ਸਥਿਤੀ ਵਿੱਚ ਉਹ ਸਿੱਧਾ 2029 ਵਿੱਚ ਹੀ ਵਾਪਸੀ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਹੀ ਹੈਰੀ ਬ੍ਰੂਕ ਨੂੰ ਵੀ ਪਿਛਲੇ ਸਾਲ ਅਜਿਹੀ ਹੀ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ।

ਮਾਨਸਿਕ ਸਿਹਤ ਅਤੇ ਅੰਤਰਰਾਸ਼ਟਰੀ ਕ੍ਰਿਕਟ ਦਾ ਦਿੱਤਾ ਹਵਾਲਾ 
ਬੇਨ ਡਕੇਟ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਇਸ ਫੈਸਲੇ ਦੀ ਵਜ੍ਹਾ ਦੱਸੀ। ਉਨ੍ਹਾਂ ਕਿਹਾ ਕਿ ਉਹ ਅੰਤਰਰਾਸ਼ਟਰੀ ਸੀਜ਼ਨ ਤੋਂ ਪਹਿਲਾਂ ਖੁਦ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਫਿੱਟ ਰੱਖਣਾ ਚਾਹੁੰਦੇ ਹਨ। ਡਕੇਟ ਨੇ ਦਿੱਲੀ ਕੈਪੀਟਲਸ ਫਰੈਂਚਾਈਜ਼ੀ ਅਤੇ ਪ੍ਰਸ਼ੰਸਕਾਂ ਤੋਂ ਇਸ ਅਸੁਵਿਧਾ ਲਈ ਮੁਆਫ਼ੀ ਵੀ ਮੰਗੀ ਹੈ। ਹਾਲ ਹੀ ਵਿੱਚ ਖ਼ਤਮ ਹੋਈ ਐਸ਼ੇਜ਼ ਸੀਰੀਜ਼ ਵਿੱਚ ਡਕੇਟ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਸੀ, ਜਿੱਥੇ ਉਨ੍ਹਾਂ ਨੇ 10 ਪਾਰੀਆਂ ਵਿੱਚ ਸਿਰਫ਼ 20.20 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ।

ਦਿੱਲੀ ਕੈਪੀਟਲਸ ਲਈ ਵਧੀਆਂ ਮੁਸ਼ਕਲਾਂ 
ਦਿੱਲੀ ਦੀ ਟੀਮ ਨੇ ਬੇਨ ਡਕੇਟ ਨੂੰ 2 ਕਰੋੜ ਰੁਪਏ ਦੀ ਕੀਮਤ ਵਿੱਚ ਖਰੀਦਿਆ ਸੀ ਅਤੇ ਉਨ੍ਹਾਂ ਤੋਂ ਟਾਪ ਆਰਡਰ ਵਿੱਚ ਮਜ਼ਬੂਤੀ ਦੀ ਉਮੀਦ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ਨਾਲ ਨਾ ਸਿਰਫ਼ ਟੀਮ ਦਾ ਸੰਤੁਲਨ ਵਿਗੜਿਆ ਹੈ, ਸਗੋਂ ਹੁਣ ਫਰੈਂਚਾਈਜ਼ੀ ਨੂੰ ਤੁਰੰਤ ਉਨ੍ਹਾਂ ਦੇ ਬਦਲ ਦੀ ਤਲਾਸ਼ ਕਰਨੀ ਪਵੇਗੀ। ਆਈਪੀਐਲ ਗਵਰਨਿੰਗ ਕੌਂਸਲ ਨੇ ਪਿਛਲੇ ਸਾਲ ਹੀ ਉਨ੍ਹਾਂ ਖਿਡਾਰੀਆਂ 'ਤੇ ਸਖ਼ਤੀ ਵਰਤਣ ਦਾ ਫੈਸਲਾ ਕੀਤਾ ਸੀ ਜੋ ਆਖਰੀ ਸਮੇਂ 'ਤੇ ਕੰਟਰੈਕਟ ਤੋਂ ਪਿੱਛੇ ਹਟ ਜਾਂਦੇ ਹਨ।


author

Tarsem Singh

Content Editor

Related News