ਆਖਰੀ ਪਲੇਅ ਆਫ ਸਥਾਨ ਲਈ ਬੈਂਗਲੁਰੂ ਤੇ ਚੇਨਈ ਵਿਚਾਲੇ ਟੱਕਰ, ਮੀਂਹ ਦੀ ਸੰਭਾਵਨਾ

Friday, May 17, 2024 - 09:25 PM (IST)

ਆਖਰੀ ਪਲੇਅ ਆਫ ਸਥਾਨ ਲਈ ਬੈਂਗਲੁਰੂ ਤੇ ਚੇਨਈ ਵਿਚਾਲੇ ਟੱਕਰ, ਮੀਂਹ ਦੀ ਸੰਭਾਵਨਾ

ਬੈਂਗਲੁਰੂ– ਲਗਾਤਾਰ 5 ਜਿੱਤਾਂ ਦਰਜ ਕਰ ਚੁੱਕੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਆਈ. ਪੀ. ਐੱਲ. ਪਲੇਅ ਆਫ ਵਿਚ ਚੌਥੀ ਟੀਮ ਦੇ ਸਥਾਨ ਲਈ ਸ਼ਨੀਵਾਰ ਨੂੰ ਇੱਥੋਂ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ 5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਸਾਹਮਣੇ ਹੋਵੇਗੀ ਪਰ ਇਸ ਮੈਚ ’ਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਹੈਦਰਾਬਾਦ ਵਿਚ ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਦਾ ਮੈਚ ਮੀਂਹ ਵਿਚ ਰੱਦ ਹੋਣ ਕਾਰਨ ਹੁਣ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ.ਆਰ.) ਤੇ ਰਾਜਸਥਾਨ ਰਾਇਲਜ਼ ਤੋਂ ਬਾਅਦ ਸਨਰਾਈਜ਼ਰਜ਼ ਪਲੇਅ ਵਿਚ ਪਹੁੰਚ ਗਈ ਹੈ। ਹੁਣ ਸਿਰਫ ਇਕ ਸਥਾਨ ਲਈ ਟੱਕਰ ਹੋਵੇਗੀ ਤੇ ਦੋ ਟੀਮਾਂ ਚੇਨਈ ਤੇ ਬੈਂਗਲੁਰੂ ਦੌੜ ਵਿਚ ਹਨ। ਬਿਹਤਰ ਰਨ ਰੇਟ ਤੇ ਵਧੇਰੇ ਅੰਕ (13 ਅੰਕ ਤੇ 0.528) ਹੋਣ ਨਾਲ ਚੇਨਈ ਦਾ ਦਾਅਵਾ ਮਜ਼ਬੂਤ ਹੈ।
ਇਸ ਮੈਦਾਨ ’ਤੇ ਉਹ 8 ਮੈਚਾਂ ਵਿਚੋਂ ਆਰ. ਸੀ. ਬੀ. ਹੱਥੋਂ ਇਕ ਹੀ ਵਾਰ ਹਾਰੀ ਹੈ। ਉੱਥੇ ਹੀ, ਆਰ. ਸੀ. ਬੀ. ਦੇ 12 ਅੰਕ ਹਨ ਤੇ ਉਸਦੀ ਨੈੱਟ ਰਨ ਰੇਟ 0.387 ਹੈ।
ਮੌਸਮ ਵਿਭਾਗ ਨੇ ਕੱਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਜੇਕਰ ਮੈਚ ਨਹੀਂ ਹੁੰਦਾ ਤਾਂ ਚੇਨਈ ਪਲੇਅ ਆਫ ਵਿਚ ਪਹੁੰਚ ਜਾਵੇਗੀ। ਉੱਥੇ ਹੀ, ਆਰ. ਸੀ. ਬੀ. ਨੂੰ ਘੱਟ ਤੋਂ ਘੱਟ 18 ਦੌੜਾਂ ਜਾਂ 11 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰਨੀ ਪਵੇਗੀ।
ਆਰ. ਸੀ. ਬੀ. ਇਸ ਸਮੇਂ ਸਭ ਤੋਂ ਸ਼ਾਨਦਾਰ ਫਾਰਮ ਵਿਚ ਹੈ। 6 ਮੈਚਾਂ ਦੀ ਹਾਰ ਦਾ ਸਿਲਸਿਲਾ ਤੋੜਨ ਤੋਂ ਬਾਅਦ ਉਸ ਨੇ ਲਗਾਤਾਰ 5 ਜਿੱਤਾਂ ਦਰਜ ਕੀਤੀਆਂ। ਆਰੇਂਜ ਕੈਪਧਾਰੀ ਵਿਰਾਟ ਕੋਹਲੀ ਜ਼ਬਰਦਸਤ ਫਾਰਮ ਵਿਚ ਹੈ ਤੇ ਪਿਛਲੇ 5 ਵਿਚੋਂ 3 ਮੈਚਾਂ ਵਿਚ ਉਸ ਨੇ ਅਰਧ ਸੈਂਕੜੇ ਲਾਏ ਹਨ। ਕਪਤਾਨ ਫਾਫ ਡੂ ਪਲੇਸਿਸ ਤੋਂ ਚੰਗੀ ਪਾਰੀ ਦੀ ਉਮੀਦ ਹੋਵੇਗੀ ਜਿਹੜਾ ਪਿਛਲੇ ਦੋ ਮੈਚਾਂ ਵਿਚ ਦੋਹਰੇ ਅੰਕ ਤਕ ਨਹੀਂ ਪਹੁੰਚ ਸਕਿਆ। ਮੱਧਕ੍ਰਮ ਵਿਚ ਰਜਤ ਪਾਟੀਦਾਰ ਤੇ ਕੈਮਰਨ ਗ੍ਰੀਨ ਚੰਗਾ ਖੇਡ ਰਹੇ ਹਨ। ਮਹਿਪਾਲ ਲੋਮਰੋਰ ਤੇ ਦਿਨੇਸ਼ ਕਾਰਤਿਕ ਵੀ ਬੱਲੇਬਾਜ਼ਾਂ ਦੀ ਐਸ਼ਗਾਹ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਦਾ ਫਾਇਦਾ ਚੁੱਕਣਾ ਚਾਹੁਣਗੇ।
ਚੇਨਈ ਲਈ ਕਪਤਾਨ ਰੁਤੂਰਾਜ ਗਾਇਕਵਾੜ ਨੇ ਇਸ ਸੈਸ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ਤੇ ਉਸ ਤੋਂ ਇਸ ਲੈਅ ਨੂੰ ਕਾਇਮ ਰੱਖਣ ਦੀ ਉਮੀਦ ਹੈ। ਸਲਾਮੀ ਬੱਲੇਬਾਜ਼ ਰਚਿੰਨ ਰਵਿੰਦਰ ਨੇ ਵੀ ਉਪਯੋਗੀ ਪਾਰੀਆਂ ਖੇਡੀਆਂ ਹਨ। ਪਿਛਲੀਆਂ ਪਾਰੀਆਂ ਵਿਚ ਅਸਫਲ ਰਹੇ ਸ਼ਿਵਮ ਦੂਬੇ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।


author

Aarti dhillon

Content Editor

Related News