ਗੇਂਦਬਾਜ਼ਾਂ ਲਈ ਮਦਦਗਾਰ ਪਿੱਚ 'ਤੇ ਡੁਪਲੇਸਿਸ ਦੀ ਤਾਬੜਤੋੜ ਪਾਰੀ, RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ
Saturday, May 04, 2024 - 11:48 PM (IST)
ਸਪੋਰਟਸ ਡੈਸਕ- ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਆਫ਼ 'ਚ ਪਹੁੰਚਣ ਦੀਆਂ ਧੁੰਦਲੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।
ਇਸ ਤੋਂ ਪਹਿਲਾਂ ਬੈਂਗਲੁਰੂ ਦੇ ਕਪਤਾਨ ਫਾਫ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਗੁਜਰਾਤ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਪੂਰੇ 20 ਓਵਰ ਵੀ ਨਾ ਖੇਡ ਸਕੀ ਤੇ 19.3 ਓਵਰਾਂ 'ਚ 147 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਇਸ ਦੇ ਜਵਾਬ 'ਚ ਬੈਂਗਲੁਰੂ ਵੱਲੋਂ ਵਿਰਾਟ ਕੋਹਲੀ ਤੇ ਕਪਤਾਨ ਡੁਪਲੇਸਿਸ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ 6 ਓਵਰਾਂ ਦੇ ਅੰਦਰ ਹੀ 92 ਦੌੜਾਂ ਜੋੜ ਲਈਆਂ।
ਕਪਤਾਨ ਡੁਪਲੇਸਿਸ ਨੇ ਤੂਫ਼ਾਨੀ ਅੰਦਾਜ਼ 'ਚ ਬੱਲੇਬਾਜ਼ੀ ਕਰਦਿਆਂ 23 ਗੇਂਦਾਂ 'ਚ 10 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ। ਉਹ ਜੋਸ਼ੂਆ ਲਿਟਲ ਦੀ ਗੇਂਦ 'ਤੇ ਸ਼ਾਹਰੁਖ ਖਾਨ ਹੱਥੋਂ ਕੈਚ ਆਊਟ ਹੋਇਆ।
ਇਸ ਤੋਂ ਬਾਅਦ ਵਿਰਾਟ ਕੋਹਲੀ ਨੇ 27 ਗੇਂਦਾਂ 'ਚ 2 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਉਹ ਸਪਿਨਰ ਨੂਰ ਅਹਿਮਦ ਦੀ ਗੇਂਦ 'ਤੇ ਰਿੱਧੀਮਾਨ ਸਾਹਾ ਹੱਥੋਂ ਕੈਚ ਆਊਟ ਹੋ ਗਿਆ।
ਇਸ ਤੋਂ ਬਾਅਦ 4 ਵਿਕਟਾਂ ਲਗਾਤਾਰ ਡਿੱਗ ਜਾਣ ਤੋਂ ਬਾਅਦ ਦਿਨੇਸ਼ ਕਾਰਤਿਕ (21) ਤੇ ਸਵਪਨਿਲ ਸਿੰਘ (15) ਨੇ ਟੀਮ ਨੂੰ ਜਿੱਤ ਦਿਵਾ ਦਿੱਤੀ ਤੇ ਬੈਂਗਲੁਰੂ ਨੇ 13.4 ਓਵਰਾਂ 'ਚ ਹੀ 152 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ ਤੇ ਮੈਚ ਆਪਣੀ ਝੋਲੀ 'ਚ ਪਾ ਲਿਆ।
ਇਸ ਜਿੱਤ ਨਾਲ ਬੈਂਗਲੁਰੂ 11 ਮੈਚਾਂ 'ਚ 8 ਅੰਕਾਂ ਨਾਲ ਪੁਆਇੰਟ ਟੇਬਲ 'ਚ ਲੰਬੀ ਛਲਾਂਗ ਮਾਰ ਕੇ 10ਵੇਂ ਤੋਂ ਸਿੱਧਾ 7ਵੇਂ ਸਥਾਨ 'ਤੇ ਪਹੁੰਚ ਗਈ ਹੈ ਤੇ ਉਨ੍ਹਾਂ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆਂ। ਉੱਥੇ ਹੀ ਕੋਲਕਾਤਾ ਨੇ 10 ਮੈਚਾਂ 'ਚੋਂ 7 ਜਿੱਤੇ ਹਨ ਤੇ ਉਹ 14 ਅੰਕਾਂ ਨਾਲ ਦੂਜੇ ਸਥਾਨ 'ਤੇ ਕਾਬਜ਼ ਹੈ ਤੇ ਉਸ ਦਾ ਟਾਪ-4 'ਚ ਪਹੁੰਚਣਾ ਲਗਭਗ ਤੈਅ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e