IPL 2024 : ਕੋਲਕਾਤਾ ਨੇ ਮੁੰਬਈ ਨੂੰ 18 ਦੌੜਾਂ ਨਾਲ ਹਰਾ ਕੇ ਸ਼ਾਨ ਨਾਲ ਬਣਾਈ ਪਲੇਆਫ਼ 'ਚ ਜਗ੍ਹਾ
Sunday, May 12, 2024 - 12:52 AM (IST)
ਸਪੋਰਟਸ ਡੈਸਕ- ਕੋਲਕਾਤਾ ਦੇ ਈਡਨ ਗਾਰਡਨ ਕ੍ਰਿਕਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾ ਕੇ ਪਲੇਆਫ਼ 'ਚ ਜਗ੍ਹਾ ਬਣਾ ਲਈ ਹੈ। ਇਸ ਸੀਜ਼ਨ ਪਲੇਆਫ਼ 'ਚ ਜਗ੍ਹਾ ਬਣਾਉਣ ਵਾਲੀ ਕੋਲਕਾਤਾ ਪਹਿਲੀ ਟੀਮ ਬਣ ਗਈ ਹੈ, ਜਦਕਿ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋਣ ਵਾਲੀ ਮੁੰਬਈ ਪਹਿਲੀ ਟੀਮ ਬਣੀ ਸੀ।
ਮੀਂਹ ਪੈ ਜਾਣ ਕਾਰਨ ਦੇਰੀ ਨਾਲ ਸ਼ੁਰੂ ਹੋਏ ਇਸ ਮੁਕਾਬਲੇ ਨੂੰ 16-16 ਓਵਰਾਂ ਦਾ ਕਰ ਦਿੱਤਾ ਗਿਆ ਸੀ ਤੇ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਂਕਟੇਸ਼ ਅਈਅਰ (42), ਨਿਤੀਸ਼ ਰਾਣਾ (33) ਤੇ ਆਂਦ੍ਰੇ ਰਸਲ (20) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 16 ਓਵਰਾਂ 'ਚ 7 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ ਸਨ।
16 ਓਵਰਾਂ 'ਚ 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੂੰ ਰੋਹਿਤ ਸ਼ਰਮਾ ਤੇ ਈਸ਼ਾਨ ਕਿਸ਼ਨ ਨੇ ਚੰਗੀ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 7 ਓਵਰਾਂ ਦੇ ਅੰਦਰ 65 ਦੌੜਾਂ ਜੜ ਦਿੱਤੀਆਂ।
ਇਸ਼ਾਨ ਕਿਸ਼ਨ ਨੇ 22 ਗੇਂਦਾਂ 'ਚ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ ਤੇ ਉਹ ਸੁਨੀਲ ਨਾਰਾਇਣ ਦੀ ਗੇਂਦ 'ਤੇ ਰਿੰਕੂ ਸਿੰਘ ਹੱਥੋਂ ਕੈਚ ਆਊਟ ਹੋਇਆ।
ਰੋਹਿਤ ਸ਼ਰਮਾ ਨੇ 24 ਗੇਂਦਾਂ 'ਚ 1 ਚੌਕੇ ਤੇ 1 ਛੱਕੇ ਦੀ ਮਦਦ ਨਾਲ 19 ਦੌੜਾਂ ਦੀ ਹੌਲੀ ਪਾਰੀ ਖੇਡੀ। ਉਹ ਵਰੁਣ ਚਕਰਵਰਤੀ ਦੀ ਗੇਂਦ 'ਤੇ ਸੁਨੀਲ ਨਾਰਾਇਣ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ।
ਇਸ ਤੋਂ ਬਾਅਦ ਸੂਰਿਆਕੁਮਾਰ ਵੀ 14 ਗੇਂਦਾਂ 'ਚ 11 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਹਾਰਦਿਕ ਪੰਡਯਾ ਵੀ ਫਲਾਪ ਰਿਹਾ ਤੇ ਸਿਰਫ਼ 2 ਦੌੜਾਂ ਬਣਾ ਕੇ ਵਾਪਸ ਪਰਤ ਗਿਆ। ਟਿਮ ਡੇਵਿਡ ਬਿਨਾਂ ਖਾਤਾ ਖੋਲ੍ਹੇ ਹੀ ਆਂਦ੍ਰੇ ਰਸਲ ਦਾ ਸ਼ਿਕਾਰ ਬਣਿਆ।
ਅੰਤ 'ਚ ਨਮਨ ਧੀਰ ਨੇ ਪੂਰਾ ਵਾਹ ਲਗਾਇਆ ਤੇ ਕੁਝ ਸ਼ਾਨਦਾਰ ਸ਼ਾਟ ਖੇਡ ਕੇ ਮੁੰਬਈ ਦੀਆਂ ਉਮੀਦਾਂ ਵੀ ਜਗਾਈਆਂ, ਪਰ ਟੀਮ ਜਿੱਤ ਹਾਸਲ ਨਾ ਕਰ ਸਕੀ। ਅੰਤ ਟੀਮ 16 ਓਵਰਾਂ 'ਚ 8 ਵਿਕਟਾਂ ਗੁਆ ਕੇ 139 ਦੌੜਾਂ ਹੀ ਬਣਾ ਸਕੀ ਤੇ 18 ਦੌੜਾਂ ਨਾਲ ਮੁਕਾਬਲਾ ਹਾਰ ਗਈ।
ਇਸ ਜਿੱਤ ਨਾਲ ਕੋਲਕਾਤਾ ਦੇ 12 ਮੈਚਾਂ 'ਚ 18 ਅੰਕ ਹੋ ਗਏ ਹਨ ਤੇ ਉਹ ਟੇਬਲ ਟਾਪਰ ਹੋਣ ਦੇ ਨਾਲ-ਨਾਲ ਪਲੇਆਫ਼ 'ਚ ਵੀ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਉਸ ਦੀਆਂ ਟਾਪ-2 'ਚ ਰਹਿਣ ਦੀਆਂ ਉਮੀਦਾਂ ਵੀ ਬਹੁਤ ਜ਼ਿਆਦਾ ਹਨ। ਉੱਤੇ ਹੀ ਮੁੰਬਈ ਨੂੰ 13 ਮੈਚਾਂ 'ਚ 9ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਸ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਵੀ ਖ਼ਤਮ ਹੋ ਚੁੱਕੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e