ਮੁੰਬਈ ਦੇ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਦੀ ਮਿਹਨਤ 'ਤੇ ਫੇਰਿਆ ਪਾਣੀ, KKR ਹੱਥੋਂ 24 ਦੌੜਾਂ ਨਾਲ ਝੱਲਣੀ ਪਈ ਹਾਰ
Saturday, May 04, 2024 - 12:11 AM (IST)
ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਿਰਾ ਕਰ ਕੇ ਧਮਾਕੇਦਾਰ ਬੱਲੇਬਾਜ਼ਾਂ ਨਾਲ ਸਜੀ ਮੁੰਬਈ ਇੰਡੀਅਨਜ਼ ਨੂੰ ਪੂਰੇ 20 ਓਵਰ ਵੀ ਨਾ ਖੇਡਣ ਦਿੱਤਾ ਤੇ ਟੀਮ ਨੂੰ 18.5 ਓਵਰਾਂ 'ਚ ਹੀ ਆਲ-ਆਊਟ ਕਰ ਕੇ 24 ਦੌੜਾਂ ਨਾਲ ਹਰਾ ਦਿੱਤਾ ਹੈ।
ਇਸ ਤੋਂ ਪਹਿਲਾਂ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੁਮਰਾਹ ਦੀ ਅਗਵਾਈ 'ਚ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੋਲਕਾਤਾ ਨੂੰ ਵੈਂਕਟੇਸ਼ ਅਈਅਰ (70) ਦੀ ਸੰਯਮ ਭਰੀ ਪਾਰੀ ਦੇ ਬਾਵਜੂਦ ਵੱਡੇ ਸਕੋਰ ਤੱਕ ਪਹੁੰਚਣ ਤੋਂ ਰੋਕ ਲਿਆ। ਕੋਲਕਾਤਾ ਦੀ ਟੀਮ ਮੁੰਬਈ ਦੇ ਗੇਂਦਬਾਜ਼ਾਂ ਅੱਗੇ ਤੇਜ਼ੀ ਨਾਲ ਦੌੜਾਂ ਨਾ ਬਣਾ ਸਕੀ ਤੇ 19.5 ਓਵਰਾਂ 'ਚ 169 ਦੌੜਾਂ ਬਣਾ ਕੇ ਆਲ-ਆਊਟ ਹੋ ਗਈ।
171 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਇਸ਼ਾਨ ਕਿਸ਼ਨ 7 ਗੇਂਦਾਂ 'ਚ 13 ਤੇ ਨਮਨ ਧੀਰ 11 ਗੇਂਦਾਂ 'ਚ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਰੋਹਿਤ ਸ਼ਰਮਾ ਵੀ ਕੁਝ ਖ਼ਾਸ ਨਾ ਕਰ ਸਕਿਆ ਤੇ 12 ਗੇਂਦਾਂ 'ਚ 1 ਛੱਕੇ ਦੀ ਮਦਦ ਨਾਲ 11 ਦੌੜਾਂ ਬਣਾ ਕੇ ਸੁਨੀਲ ਨਾਰਾਇਣ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਸੂਰਯਕੁਮਾਰ ਯਾਦਵ ਨੇ ਮੁੰਬਈ ਦੀ ਪਾਰੀ ਨੂੰ ਸੰਭਾਲਿਆ ਤੇ ਮੈਚ 'ਚ ਟੀਮ ਦੀ ਵਾਪਸੀ ਕਰਵਾਈ। ਉਸ ਨੇ 35 ਗੇਂਦਾਂ 'ਚ 6 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ ਤੇ ਉਹ ਰਸਲ ਦਾ ਸ਼ਿਕਾਰ ਬਣਿਆ।
ਖ਼ਰਾਬ ਫਾਰਮ ਨਾਲ ਜੂਝ ਰਿਹਾ ਕਪਤਾਨ ਹਾਰਦਿਕ ਪੰਡਯਾ ਇਸ ਵਾਰ ਵੀ ਕੁਝ ਨਾ ਕਰ ਸਕਿਆ ਤੇ 3 ਗੇਂਦਾਂ 'ਚ ਸਿਰਫ਼ 1 ਦੌੜ ਬਣਾ ਕੇ ਰਸਲ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਅੰਤ ਟਿਮ ਡੇਵਿਡ ਨੇ ਕੁਝ ਚੰਗੇ ਸ਼ਾਟ ਖੇਡੇ, ਪਰ ਉਹ ਟੀਮ ਨੂੰ ਜਿੱਤ ਤੱਕ ਨਾ ਲਿਜਾ ਸਕਿਆ ਤੇ 20 ਗੇਂਦਾਂ 'ਚ 24 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤਰ੍ਹਾਂ ਮੁੰਬਈ 18.5 ਓਵਰਾਂ 'ਚ 145 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਟੀਮ ਨੂੰ ਕੋਲਕਾਤਾ ਹੱਥੋਂ ਆਪਣੇ ਘਰੇਲੂ ਮੈਦਾਨ 'ਤੇ 24 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਜਿੱਤ ਨਾਲ ਕੋਲਕਾਤਾ ਨੇ ਪਲੇਆਫ਼ ਲਈ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਟੀਮ ਦੇ ਹੁਣ 10 ਮੈਚਾਂ 'ਚ 14 ਅੰਕ ਹੋ ਗਏ ਹਨ ਤੇ ਉਹ ਪੁਆਇੰਟ ਟੇਬਲ 'ਚ ਦੂੂਜੇ ਸਥਾਨ 'ਤੇ ਕਾਬਜ਼ ਹੈ, ਜਦਕਿ ਮੁੰਬਈ ਹੁਣ ਪਲੇਆਫ਼ ਦੀ ਰੇਸ 'ਚੋਂ ਬਾਹਰ ਹੀ ਹੋ ਗਈ ਹੈ। ਹੁਣ ਉਸ ਦੇ 11 ਮੁਕਾਬਲਿਆਂ 'ਚੋਂ ਸਿਰਫ਼ 3 ਜਿੱਤਾਂ ਤੇ 8 ਮੁਕਾਬਲਿਆਂ 'ਚ ਹਾਰ ਜਾਣ ਨਾਲ ਸਿਰਫ਼ 6 ਅੰਕ ਹਨ ਤੇ ਉਸ ਦਾ ਪਲੇਆਫ਼ 'ਚ ਪਹੁੰਚਣਾ ਲਗਭਗ ਅਸੰਭਵ ਹੋ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e