IPL 2024 : ਸਟੋਇਨਿਸ ਨੇ ਚੇਨਈ ਦੇ ਜਬਾੜੇ 'ਚੋਂ ਖੋਹ ਲਈ ਜਿੱਤ, LSG ਨੇ CSK ਨੂੰ 6 ਵਿਕਟਾਂ ਨਾਲ ਦਿੱਤੀ ਮਾਤ
Tuesday, Apr 23, 2024 - 11:44 PM (IST)
ਸਪੋਰਟਸ ਡੈਸਕ- ਚੇਨਈ ਦੇ ਚੇਪਾਕ ਸਟੇਡੀਅਮ 'ਚ ਚੇਨਈ ਸੁਪਰਕਿੰਗਜ਼ ਤੇ ਲਖਨਊ ਸੁਪਰਜਾਇੰਟਸ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਮਾਰਕਸ ਸਟੋਇਨਿਸ ਦੇ ਚਮਤਕਾਰੀ ਸੈਂਕੜੇ ਦੀ ਬਦੌਲਤ ਲਖਨਊ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ।
ਚੇਨਈ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਗਾਇਕਵਾੜ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਸ਼ਿਵਮ ਦੁਬੇ ਦੇ ਤਾਬੜਤੋੜ ਅਰਧ ਸੈਂਕੜੇ ਦੀ ਬਦੌਲਤ ਚੇਨਈ ਸੁਪਰਕਿੰਗਜ਼ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 210 ਦੌੜਾਂ ਬਣਾਈਆਂ ਸਨ।
ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਦੇ ਓਪਨਰ ਕੁਇੰਟਨ ਡਿਕੌਕ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਉਸ ਤੋਂ ਬਾਅਦ ਕਪਤਾਨ ਰਾਹੁਲ ਵੀ ਕੁਝ ਖ਼ਾਸ ਨਾ ਕਰ ਸਕੇ ਤੇ 14 ਗੇਂਦਾਂ 'ਚ 16 ਦੌੜਾਂ ਬਣਾ ਕੇ ਮੁਸਤਫਿਜ਼ੁਰ ਰਹਿਮਾਨ ਦੀ ਗੇਂਦ 'ਤੇ ਆਊਟ ਹੋ ਗਏ।
ਦੇਵਦੱਤ ਪੱਡੀਕਲ ਵੀ 19 ਗੇਂਦਾਂ 'ਚ 13 ਦੌੜਾਂ ਬਣਾ ਕੇ ਪਥਿਰਾਣਾ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ। ਇਸ ਤੋਂ ਬਾਅਦ ਮਾਰਕਸ ਸਟਾਇਨਿਸ ਅਤੇ ਨਿਕੋਲਸ ਪੂਰਨ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਆਊਟ ਹੋਣ ਤੋਂ ਪਹਿਲਾਂ ਪੂਰਨ ਨੇ 15 ਗੇਂਦਾਂ 'ਚ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 34 ਦੌੜਾਂ ਦੀ ਧੂੰਆਧਾਰ ਪਾਰੀ ਖੇਡੀ। ਉਹ ਵੀ ਪਥਿਰਾਣਾ ਦੀ ਗੇਂਦ 'ਤੇ ਸ਼ਾਰਦੁਲ ਠਾਕੁਰ ਹੱਥੋਂ ਕੈਚ ਆਊਟ ਹੋਇਆ।
ਇਸ ਦੌਰਾਨ ਮਾਰਕਸ ਸਟੋਇਨਿਸ ਨੇ ਸ਼ਾਨਦਾਰ ਬੱਲੇਬਾਜ਼ੀ ਜਾਰੀ ਰੱਖੀ ਤੇ 56 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਦੀਪਕ ਹੁੱਡਾ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਤੇ ਦੋਵਾਂ ਨੇ ਪਥਿਰਾਣਾ ਦੇ 19ਵੇਂ ਓਵਰ 'ਚ 15 ਦੌੜਾਂ ਜੋੜ ਲਈਆਂ।
ਆਖ਼ਰੀ ਓਵਰ 'ਚ ਟੀਮ ਨੂੰ 17 ਦੌੜਾਂ ਦੀ ਲੋੜ ਸੀ, ਪਰ ਸਟੋਇਨਿਸ ਨੇ ਮੁਸਤਾਫਿਜ਼ੁਰ ਦੀਆਂ ਪਹਿਲੀਆਂ 4 ਗੇਂਦਾਂ 'ਤੇ ਹੀ ਚੌਕੇ-ਛੱਕੇ ਲਗਾ ਕੇ ਮੁਕਾਬਲਾ ਆਪਣੇ ਟੀਮ ਦੀ ਝੋਲੀ 'ਚ ਪਾ ਦਿੱਤਾ। ਸਟੋਇਨਿਸ ਨੇ 63 ਗੇਂਦਾਂ 'ਚ 13 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 124 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਤੇ ਆਪਣੀ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ।
ਇਸ ਜਿੱਤ ਨਾਲ ਲਖਨਊ 8 'ਚੋਂ 5 ਮੁਕਾਬਲੇ ਜਿੱਤ ਕੇ 10 ਅੰਕਾਂ ਨਾਲ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਚੇਨਈ 8 ਮੈਚਾਂ 'ਚੋਂ 4 ਜਿੱਤ ਅਤੇ 4 ਹਾਰ ਨਾਲ 8 ਅੰਕ ਲੈ ਕੇ 5ਵੇਂ ਸਥਾਨ 'ਤੇ ਖਿਸਕ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e