ਫਰਜ਼ੀ ਈ-ਚਾਲਾਨ ਭੇਜ ਅਣਪਛਾਤੇ ਠੱਗਾਂ ਨੇ ਖ਼ਾਤੇ ''ਚੋਂ ਉਡਾਏ 5.75 ਲੱਖ ਰੁਪਏ
Thursday, Sep 17, 2026 - 11:09 AM (IST)
ਫਿਰੋਜ਼ਪੁਰ (ਮਲਹੋਤਰਾ) : ਇੱਕ ਵਿਅਕਤੀ ਦੇ ਫੋਨ 'ਤੇ ਫਰਜ਼ੀ ਈ-ਚਾਲਾਨ ਭੇਜ ਕੇ ਠੱਗਾਂ ਨੇ ਉਸਦੇ ਖ਼ਾਤੇ ਤੋਂ ਕਰੀਬ 5.75 ਲੱਖ ਰੁਪਏ ਉਡਾ ਲਏ। ਥਾਣਾ ਸਾਈਬਰ ਕ੍ਰਾਈਮ ਦੀ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਤੇਜਬੀਰ ਸਿੰਘ ਸੰਧੂ ਵਾਸੀ ਮਾਡਲ ਟਾਊਨ ਨੇ ਸ਼ਿਕਾਇਤ ਦਿੱਤੀ ਹੈ ਕਿ 12 ਅਗਸਤ ਨੂੰ ਉਸਦੇ ਫੋਨ 'ਤੇ ਈ-ਚਾਲਾਨ ਮਿਲਿਆ, ਜਿਸ ਨੂੰ ਦੇਖਣ ਤੋਂ ਬਾਅਦ ਫੋਨ 'ਤੇ ਆਪਣੇ ਆਪ ਇੱਕ ਐਪਲੀਕੇਸ਼ਨ ਇੰਸਟਾਲ ਹੋਣ ਲੱਗ ਪਈ। ਐਪ ਸ਼ੋਅ ਹੋਣ ਤੋਂ ਬਾਅਦ ਉਸ ਨੇ ਇਸ ਨੂੰ ਤੁਰੰਤ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਨਾ ਤਾਂ ਉਸ ਨੂੰ ਕੋਈ ਓ. ਟੀ. ਪੀ. ਮਿਲਿਆ ਅਤੇ ਨਾ ਹੀ ਕੋਈ ਲਿੰਕ।
ਉਸ ਨੇ ਦੱਸਿਆ ਕਿ 18 ਅਗਸਤ ਨੂੰ ਉਸਦੇ ਫੋਨ ਤੋਂ ਕੋਈ ਵੀ ਕਾਲ ਨਹੀਂ ਲੱਗ ਰਹੀ ਸੀ, ਉਸ ਨੇ ਰੀਚਾਰਜ ਕਰਨ ਤੋਂ ਬਾਅਦ ਫੋਨ ਚੈਕ ਕੀਤਾ ਤਾਂ ਉਸਦੇ ਆਈ. ਡੀ. ਬੀ.ਆਈ. ਬੈਂਕ ਖਾਤੇ ਵਿਚੋਂ 7 ਐਂਟਰੀਆਂ ਦੇ ਰਾਹੀਂ 5 ਲੱਖ 61 ਹਜ਼ਾਰ 744 ਰੁਪਏ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿਚੋਂ 14000 ਰੁਪਏ ਨਿਕਲ ਚੁੱਕੇ ਸਨ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਕਿਸੇ ਨੇ ਉਸਦਾ ਫੋਨ ਨੈਟਵਰਕ ਰਿਮੋਟ ਅਸੈਸ ਟਰੋਜਨ ਦੇ ਰਾਹੀਂ ਬੰਦ ਕਰਕੇ ਇਸ ਠੱਗੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਸ਼ਿਕਾਇਤ ਕਰਤਾ ਨੇ ਐਨ.ਸੀ.ਆਰ.ਪੀ. ਪੋਰਟਲ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਿਸਦੇ ਆਧਾਰ ਤੇ ਥਾਣਾ ਸਾਈਬਰ ਕਰਾਈਮ ਵਿਚ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ।
