ਆਪਣੀ ਸਾਬਕਾ ਟੀਮ ਗੁਜਰਾਤ ਵਿਰੁੱਧ ਮੁੰਬਈ ’ਚ ਰੋਹਿਤ ਦੀ ਵਿਰਾਸਤ ਅੱਗੇ ਵਧਾਉਣ ਦੀ ਸ਼ੁਰੂਆਤ ਕਰੇਗਾ ਹਾਰਦਿਕ
Saturday, Mar 23, 2024 - 09:36 PM (IST)
ਅਹਿਮਦਾਬਾਦ– ਹਾਰਦਿਕ ਪੰਡਿਆ ਐੈਤਵਾਰ ਨੂੰ ਇੱਥੇ ਜਦੋਂ ਆਪਣੀ ਸਾਬਕਾ ਟੀਮ ਗੁਜਰਾਤ ਟਾਈਟਨਸ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਪਹਿਲੀ ਵਾਰ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰੇਗਾ ਤਾਂ ਉਸਦਾ ਟੀਚਾ ਆਪਣੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੋਵੇਗਾ। ਹਾਰਦਿਕ ਦੀ ਅਗਵਾਈ ਵਿਚ ਟਾਈਟਨਸ ਨੇ ਆਪਣੇ ਡੈਬਿਊ ਸੈਸ਼ਨ ’ਚ ਹੀ ਖਿਤਾਬ ਜਿੱਤਿਆ ਸੀ ਜਦਕਿ ਉਸ ਤੋਂ ਪਿਛਲੀ ਵਾਰ ਉਹ ਉਪ ਜੇਤੂ ਰਿਹਾ ਸੀ। ਇਹ ਆਲਰਾਊਂਡਰ ਹਾਲਾਂਕਿ ਇਸ ਸੈਸ਼ਨ ’ਚ ਵਾਪਸ ਮੁੰਬਈ ਨਾਲ ਜੁੜ ਗਿਆ ਹੈ, ਜਿੱਥੇ ਉਸ ਨੂੰ ਰੋਹਿਤ ਦੇ ਸਥਾਨ ’ਤੇ ਕਪਤਾਨ ਨਿਯੁਕਤ ਕੀਤਾ ਗਿਆ ਹੈ। ਹਾਰਦਿਕ ਇਸ ਦੇ ਨਾਲ ਹੀ ਵਨ ਡੇ ਵਿਸ਼ਵ ਕੱਪ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਕਿਸੇ ਟੂਰਨਾਮੈਂਟ ਵਿਚ ਖੇਡੇਗਾ। ਅਮਰੀਕਾ ਤੇ ਵੈਸਟਇੰਡੀਜ਼ ਵਿਚ ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਹਾਰਦਿਕ ਦੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਵਿਭਾਗਾਂ ਵਿਚ ਪ੍ਰਦਰਸ਼ਨ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਟਾਈਟਨਸ ਨੇ ਹਾਰਦਿਕ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ ਹੈ, ਜਿਸ ਨੂੰ ਕਪਤਾਨੀ ਦਾ ਜ਼ਿਆਦਾ ਤਜਰਬਾ ਨਹੀਂ ਹੈ।
ਮੁੰਬਈ ਦੀ ਟੀਮ ਫਿਟਨੈੱਸ ਨਾਲ ਜੁੜੇ ਮੁੱਦਿਆਂ ਨਾਲ ਜੂਝ ਰਹੀ ਹੈ। ਉਸਦੇ ਸਟਾਰ ਬੱਲੇਬਾਜ਼ ਸੂਰਯਕੁਮਾਰ ਯਾਦਵ ਨੂੰ ਅਜੇ ਤਕ ਖੇਡਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਸਨ ਬਹਿਰਨਡ੍ਰੌਫ ਤੇ ਦਿਲਸ਼ਾਨ ਮਧੂਸ਼ਨਾਕਾ ਪਹਿਲਾਂ ਹੀ ਆਈ. ਪੀ.ਐੱਲ. ’ਚੋਂ ਬਾਹਰ ਹੋ ਚੁੱਕੇ ਹਨ ਜਦਕਿ ਨਵੇਂ ਖਿਡਾਰੀ ਗੇਰਾਲਡ ਕੋਏਤਜ਼ੀ ਵੀ ਮਾਸਪੇਸ਼ੀਆਂ ਵਿਚ ਖਿਚਾਅ ਤੋਂ ਉੱਭਰ ਰਿਹਾ ਹੈ ਤੇ ਉਹ ਵੀ ਸ਼ੁਰੂ ਵਿਚ ਕੁਝ ਮੈਚਾਂ ਵਿਚੋਂ ਬਾਹਰ ਰਹਿ ਸਕਦਾ ਹੈ।
ਮੁੰਬਈ ਨੂੰ 5 ਖਿਤਾਬ ਦਿਵਾਉਣ ਵਾਲਾ ਰੋਹਿਤ ਸ਼ਰਮਾ ਇਸ ਸੈਸ਼ਨ ’ਚ ਸਿਰਫ ਬੱਲੇਬਾਜ਼ ਦੇ ਰੂਪ ਵਿਚ ਖੇਡੇਗਾ ਤੇ ਉਹ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਸਰਵਸ੍ਰੇਸ਼ਠ ਫਾਰਮ ਹਾਸਲ ਕਰਨਾ ਚਾਹੇਗਾ। ਮੁੰਬਈ ਦੇ ਇਕ ਹੋਰ ਖਿਡਾਰੀ ਈਸ਼ਾਨ ਕਿਸ਼ਨ ਦੇ ਪ੍ਰਦਰਸ਼ਨ ’ਤੇ ਵੀ ਨਜ਼ਰਾਂ ਰਹਿਣਗੀਆਂ।
ਜਿੱਥੋਂ ਤਕ ਟਾਈਟਨਸ ਦਾ ਸਵਾਲ ਹੈ ਤਾਂ ਗਿੱਲ ਲਈ ਟੀਮ ਦੀ ਪਿਛਲੇ ਦੋ ਸੈਸ਼ਨਾਂ ਦੀ ਨਿਰੰਤਰਤਾ ਨੂੰ ਬਰਕਰਾਰ ਰੱਖਣਾ ਚੁਣੌਤੀ ਹੋਵੇਗੀ। ਗਿੱਲ ਨੂੰ ਭਾਰਤ ਦੇ ਭਵਿੱਖ ਦੇ ਕਪਤਾਨ ਦੇ ਰੂਪ ਵਿਚ ਵੀ ਦੇਖਿਆ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਉਸ ਨੂੰ ਖੁਦ ਨੂੰ ਆਈ. ਪੀ. ਐੱਲ. ਵਿਚ ਸਾਬਤ ਕਰਨਾ ਪਵੇਗਾ। ਗਿੱਲ ਪਿਛਲੇ ਸੈਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿਚ ਸ਼ਾਮਲ ਸੀ ਤੇ ਉਸਦੀ ਟੀਮ ਇਹ ਹੀ ਉਮੀਦ ਕਰ ਰਹੀ ਹੋਵੇਗੀ ਕਿ ਕਪਤਾਨੀ ਦੀ ਜ਼ਿੰਮੇਵਾਰੀ ਦਾ ਉਸਦੀ ਬੱਲੇਬਾਜ਼ੀ ’ਤੇ ਉਲਟ ਅਸਰ ਨਾ ਪਵੇ। ਟਾਈਟਨਸ ਨੂੰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਕਮੀ ਮਹਿਸੂਸ ਹੋਵੇਗੀ ਜਿਹੜਾ ਅੱਡੀ ਦੇ ਆਪ੍ਰੇਸ਼ਨ ਕਾਰਨ ਟੂਰਨਾਮੈਂਟ ਵਿਚ ਨਹੀਂ ਖੇਡ ਸਕੇਗਾ। ਉਸਦੇ ਲਈ ਹਾਲਾਂਕਿ ਚੰਗੀ ਖਬਰ ਇਹ ਹੈ ਕਿ ਅਫਗਾਨਿਸਤਾਨ ਦਾ ਸਟਾਰ ਸਪਿਨਰ ਰਾਸ਼ਿਦ ਖਾਨ ਪਿੱਠ ਦੀ ਸੱਟ ਤੋਂ ਉੱਭਰ ਕੇ ਵਾਪਸੀ ਕਰ ਰਿਹਾ ਹੈ।