ਪੰਜਾਬ ਦੇ ਸ਼ੈਲਰਾਂ ''ਚੋਂ ਫਸਲ ਨਾ ਚੁੱਕਣਾ, ਕੇਂਦਰ ਦੀ ਭਾਜਪਾ ਸਰਕਾਰ ਦੀ ਸਾਜ਼ਿਸ਼ : ਸੰਧਵਾਂ

Thursday, Oct 24, 2024 - 06:17 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਦੇ ਸ਼ੈਲਰਾਂ ‘ਚੋਂ ਚਾਵਲ ਨਾ ਚੁੱਕਣਾ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸੂਬੇ ਦੀ ਕਿਸਾਨੀ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੈ। ਸਪੀਕਰ ਸੰਧਵਾਂ ਅਨਾਜ ਮੰਡੀ ਟਾਂਡਾ ਦੇ ਦੌਰੇ ਮੌਕੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨਿਰਧਾਰਤ ਸਮੇਂ ਦੇ ਅੰਦਰ ਸ਼ੈਲਰਾਂ ‘ਚੋਂ ਚਾਵਲ ਦੀ ਚੁਕਾਈ ਯਕੀਨੀ ਬਣਾਉਣ ‘ਚ ਨਾਕਾਮ ਰਹੀ ਹੈ, ਨਾਲ ਹੀ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਵਿਚ ਵੀ ਨਾਕਾਮ ਰਹੀ ਹੈ, ਜਿਸ ਕਾਰਨ ਕਿਸਾਨ ਸੰਕਟ ਵਿਚ ਘਿਰੇ ਹੋਏ ਹਨ। ਸੰਧਵਾਂ ਨੇ ਅਨਾਜ ਮੰਡੀ ਟਾਂਡਾ ਵਿਖੇ ਆਪਣੀ ਮੌਜੂਦਗੀ ਵਿਚ ਝੋਨੇ ਦੀ ਲਿਫਟਿੰਗ ਕਰਵਾਈ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਿੱਲ ਮਾਲਕਾਂ, ਆੜ੍ਹਤੀਆਂ ਤੇ ਮਜਦੂਰਾਂ ਦੇ ਸਹਿਯੋਗ ਨਾਲ ਮੰਡੀਆਂ ਵਿਚ ਫਸਲ ਦੀ ਖਰੀਦ, ਚੁਕਾਈ ਤੇ ਅਦਾਇਗੀ ਵਿਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਸਪੀਕਰ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਕੋਲੋਂ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਬਦਲਾ ਲੈਣ ਲਈ ਕਿਸਾਨਾਂ ਨੂੰ ਮੰਡੀਆਂ ਵਿਚ ਰੋਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਗਿਣਤੀਆਂ-ਮਿਣਤੀਆਂ ਛੱਡ ਕੇ ਪੰਜਾਬ ਵੱਲੋਂ ਦੇਸ਼ ਦੇ ਅੰਨ ਭੰਡਾਰ ਵਿਚ ਪਾਏ ਯੋਗਦਾਨ ਦੇ ਮੱਦੇਨਜ਼ਰ ਸ਼ੈਲਰਾਂ ‘ਚੋਂ ਚਾਵਲ ਚੁੱਕਵਾ ਕੇ ਤੁਰੰਤ ਰਾਹਤ ਪ੍ਰਦਾਨ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ।


Gurminder Singh

Content Editor

Related News