IPL 2023: ਕਾਨਵੇ ਦਾ ਸ਼ਾਨਦਾਰ ਅਰਧ ਸੈਂਕੜਾ, ਚੇਨਈ ਸੁਪਰ ਕਿੰਗਜ਼ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

Friday, Apr 21, 2023 - 10:58 PM (IST)

IPL 2023: ਕਾਨਵੇ ਦਾ ਸ਼ਾਨਦਾਰ ਅਰਧ ਸੈਂਕੜਾ, ਚੇਨਈ ਸੁਪਰ ਕਿੰਗਜ਼ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ: ਆਈ.ਪੀ.ਐੱਲ. ਵਿਚ ਅੱਜ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਪਹਿਲਾਂ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਤੇ ਫ਼ਿਰ ਡੇਵਿਨ ਕਾਨਵੇ ਦੇ ਅਜੇਤੂ ਅਰਧ ਸੈਂਕੜੇ ਸਦਕਾ ਚੇਨਈ ਨੇ 7 ਵਿਕਟਾਂ ਨਾਲ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਹੈਦਰਾਬਾਦ ਨੇ ਚੇਨਈ ਨੂੰ 135 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਚੇਨਈ ਨੇ 8 ਗੇਂਦਾਂ ਪਹਿਲਾਂ ਹੀ ਸਰ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ

ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵੱਲੋਂ ਅਭਿਸ਼ੇਕ ਸ਼ਰਮਾ ਨੇ 34 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੋਈ ਖ਼ਾਸ ਪਾਰੀ ਨਹੀਂ ਖੇਡ ਸਕਿਆ ਤੇ ਟੀਮ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ ਮਹਿਜ਼ 134 ਦੌੜਾਂ ਹੀ ਬਣਾ ਸਕੀ। ਚੇਨਈ ਵੱਲੋਂ ਰਵਿੰਦਰ ਜਡੇਜਾ ਨੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤਰ੍ਹਾਂ ਹੈਦਰਾਬਾਦ ਨੇ ਚੇਨਈ ਨੂੰ 135 ਦੌੜਾਂ ਦਾ ਟੀਚਾ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - Twitter ਨੇ CM ਭਗਵੰਤ ਮਾਨ, ਕੇਜਰੀਵਾਲ, ਯੋਗੀ ਤੇ ਭਾਜਪਾ ਸਣੇ ਕਈ ਖਾਤਿਆਂ ਤੋਂ ਹਟਾਇਆ ਬਲੂ ਟਿੱਕ, ਪੜ੍ਹੋ ਵਜ੍ਹਾ

ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਨੂੰ ਸਲਾਮੀ ਬੱਲੇਬਾਜ਼ਾਂ ਰੁਤੂਰਾਜ ਗਾਇਕਵਾੜ ਤੇ ਡੇਵਨ ਕਾਨਵੇ ਨੇ ਜ਼ਬਰਦਸਤ ਸ਼ੁਰੂਆਤ ਦੁਆਈ। ਗਾਇਕਵੜਾ ਨੇ 30 ਗੇਂਦਾਂ ਵਿਚ 35 ਤੇ ਕਾਨਵੇ ਨੇ 57 ਗੇਂਦਾਂ ਵਿਚ ਅਜੇਤੂ 77 ਦੌੜਾਂ ਦੀ ਪਾਰੀ ਖੇਡੀ। ਦੋਹਾਂ ਨੇ ਪਹਿਲੀ ਵਿਕਟ ਲਈ 87 ਦੌੜਾਂ ਜੋੜੀਆਂ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾ ਦਿੱਤਾ। ਟੀਮ ਨੇ ਪਹਿਲੇ 11 ਓਵਰਾਂ ਵਿਚ ਹੀ 100 ਤੋਂ ਵੱਧ ਦੌੜਾਂ ਬਣਾ ਲਈਆਂ ਸਨ। ਹਾਲਾਂਕਿ ਇਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਵੀ ਚੰਗੀ ਗੇਂਦਬਾਜ਼ੀ ਕਰਦਿਆਂ ਮੁਕਾਬਲੇ 'ਚ ਜਾਨ ਫੂਕੀ। ਮੈਚ ਅਖ਼ੀਰਲੇ ਓਵਰਾਂ ਤਕ ਗਿਆ ਪਰ ਆਖ਼ਰ ਜਿੱਤ ਚੇਨਈ ਦੇ ਹੀ ਹਿੱਸੇ ਆਈ। ਚੇਨਈ ਨੇ 18.4 ਓਵਰਾਂ ਵਿਚ 3 ਵਿਕਟਾਂ ਗੁਆ ਕੇ 138 ਦੌੜਾਂ ਬਣਾ ਲਈਆਂ ਤੇ 7 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕੀਤਾ। ਕਾਨਵੇ ਨੇ 57 ਗੇਂਦਾਂ ਵਿਚ 1 ਛਿੱਕੇ ਤੇ 12 ਚੌਕਿਆਂ ਸਦਕਾ 77 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੁਆਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News