ਅੱਜ ਪੰਜਾਬ ਅਤੇ ਲਖਨਊ ਹੋਣਗੇ ਆਹਮੋ-ਸਾਹਮਣੇ, ਮੁਕਾਬਲੇ ’ਚ ਰਾਹੁਲ ਦੇ ‘ਸਟ੍ਰਾਈਕ ਰੇਟ’ ’ਤੇ ਰਹਿਣਗੀਆਂ ਨਜ਼ਰਾਂ
Friday, Apr 28, 2023 - 01:33 PM (IST)
ਮੋਹਾਲੀ (ਵਿਕਾਸ, ਲਲਨ)- ਪੰਜਾਬ ਕਿੰਗਜ਼ ਖਿਲਾਫ ਸ਼ੁੱਕਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਅਹਿਮ ਮੁਕਾਬਲੇ ’ਚ ਲਖਨਊ ਸੁਪਰ ਜਾਇੰਟਸ ਨੂੰ ਆਪਣੇ ਬੱਲੇਬਾਜ਼ਾਂ ਕੋਲੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਦੋਵਾਂ ਟੀਮਾਂ ਨੇ 7 ’ਚੋਂ 4 ਮੈਚ ਜਿੱਤੇ ਹਨ ਅਤੇ ਮੁਸ਼ਕਿਲ ਹੁੰਦੀ ਜਾ ਰਹੀ ਪਲੇਆਫ ਦੀ ਦੌੜ ’ਚ ਹੁਣ ਹਰ ਮੈਚ ਮਹੱਤਵਪੂਰਨ ਹੋ ਗਿਆ ਹੈ। ਲਖਨਊ ਦੀ ਪਿੱਚ ਬੱਲੇਬਾਜ਼ੀ ਲਈ ਠੀਕ ਸਾਬਿਤ ਨਹੀਂ ਰਹੀ ਹੈ। ਸ਼ਨੀਵਾਰ ਨੂੰ ਗੁਜਰਾਤ ਟਾਈਟਨਸ ਖਿਲਾਫ 136 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਦੇ ਹੋਏ ਹਾਰਨ ਤੋਂ ਬਾਅਦ ਕਪਤਾਨ ਲੋਕੇਸ਼ ਰਾਹੁਲ ਦਾ ਸਟ੍ਰਾਈਕ ਰੇਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਹੁਲ ਦਾ ਸਟ੍ਰਾਈਕ ਰੇਟ ਅਜੇ ਵੀ 113.91 ਰਿਹਾ ਹੈ ਪਰ ਉਹ ਇਸ ਤੋਂ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ।
ਇਸ ਸੀਜ਼ਨ ’ਚ ਪੀ. ਸੀ. ਏ. ਸਟੇਡੀਅਮ ’ਤੇ ਹੁਣ ਤੱਕ 200 ਦੌੜਾਂ ਨਹੀਂ ਬਣ ਸਕੀਆਂ ਹਨ ਪਰ ਪਿੱਚ ਲਖਨਊ ਦੀ ਤੁਲਨਾ ’ਚ ਵਧੀਆ ਹੈ। ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ ਗੈਰ-ਮੌਜੂਦਗੀ ’ਚ ਲਖਨਊ ਦਾ ਗੇਂਦਬਾਜ਼ੀ ਹਮਲਾ ਕਮਜ਼ੋਰ ਹੋਇਆ ਹੈ। ਵੁੱਡ 15 ਅਪ੍ਰੈਲ ਤੋਂ ਬਾਅਦ ਤੋਂ ਇਕ ਵੀ ਮੈਚ ਨਹੀਂ ਖੇਡ ਸਕਿਆ ਹੈ ਅਤੇ ਟੀਮ ਨੂੰ ਇਸ ਦੀ ਜਲਦੀ ਵਾਪਸੀ ਦੀ ਉਮੀਦ ਹੈ। ਵੁੱਡ 3 ਮੈਚ ਨਾ ਖੇਡਣ ਦੇ ਬਾਵਜੂਦ ਉਸ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈ ਚੁੱਕਾ ਹੈ। ਦੂਜੇ ਪਾਸੇ ਪੰਜਾਬ ਕਿੰਗਜ਼ ਪਿਛਲੇ 2 ਮੈਚ ਹਾਰਨ ਤੋਂ ਬਾਅਦ ਵਾਪਸੀ ਦੀ ਕੋਸ਼ਿਸ਼ ’ਚ ਹੋਵੇਗਾ। ਨਿਯਮਿਤ ਕਪਤਾਨ ਸ਼ਿਖਰ ਧਵਨ ਮੋਢੇ ਦੀ ਸੱਟ ਕਾਰਨ 3 ਮੈਚ ਨਹੀਂ ਖੇਡ ਸਕਿਆ ਪਰ ਇਸ ਮੈਚ ’ਚ ਵਾਪਸੀ ਕਰ ਸਕਦਾ ਹੈ। ਪੰਜਾਬ ਨੇ ਆਪਣੀਆਂ ਗਲਤੀਆਂ ਨਾਲ ਕੁਝ ਮੈਚ ਗੁਆਏ ਹਨ ਪਰ ਹੁਣ ਕੋਈ ਰਿਸਕ ਨਹੀਂ ਲੈਣਾ ਚਾਹੇਗਾ।