IPL 2023 : ਟੀਮਾਂ ਨੇ ਕਰੋੜਾਂ ਰੁਪਏ ''ਚ ਖ਼ਰੀਦੇ ਖਿਡਾਰੀ ਵੀ ਕੀਤੇ ਰਿਲੀਜ਼, ਅਗਲੇ ਮਹੀਨੇ ਲੱਗੇਗੀ ਬੋਲੀ

11/16/2022 11:18:20 PM

ਸਪੋਰਟਸ ਡੈਸਕ : ਟੀਮ ਇੰਡੀਆ ਦੀ ਟੀ-20 ਵਿਸ਼ਵ ਕੱਪ ਮੁਹਿੰਮ ਦੇ ਨਿਰਾਸ਼ਾਜਨਕ ਅੰਤ ਤੋਂ ਬਾਅਦ, ਸਭ ਦੀਆਂ ਨਜ਼ਰਾਂ ਹੁਣ ਆਈ. ਪੀ. ਐੱਲ 'ਤੇ ਟਿਕੀਆਂ ਹਨ। ਆਈ. ਪੀ. ਐੱਲ ਟੀਮਾਂ ਨੇ ਰਿਟੈਂਸ਼ਨ ਲਿਸਟ ਜਾਰੀ ਕਰ ਦਿੱਤੀ ਹੈ ਅਤੇ ਕਈ ਟੀਮਾਂ ਨੇ ਵੱਡੇ ਖਿਡਾਰੀਆਂ ਨੂੰ ਵੀ ਰਿਲੀਜ਼ ਕਰ ਦਿੱਤਾ ਹੈ। ਰਿਟੈਂਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਆਓ ਉਨ੍ਹਾਂ ਖਿਡਾਰੀਆਂ 'ਤੇ ਨਜ਼ਰ ਮਾਰੀਏ ਜੋ IPL 2022 ਵਿਚ ਸਭ ਤੋਂ ਵੱਧ ਵਿਕੇ ਸਨ ਪਰ ਇਸ ਸਾਲ ਟੀਮਾਂ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਹੈ : 

ਕੇਨ ਵਿਲੀਅਮਸਨ :

ਸਨਰਾਈਜ਼ਰਸ ਹੈਦਰਾਬਾਦ ਵੱਲੋਂ ਰਿਲੀਜ਼ ਕੀਤੇ ਗਏ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ ਪਹਿਲਾ ਨਾਂ ਕੇਨ ਵਿਲੀਅਮਸਨ ਦਾ ਸੀ। ਉਨ੍ਹਾਂ ਨੂੰ ਟੀਮ ਨੇ 14 ਕਰੋੜ ਰੁਪਏ ਵਿਚ ਬਰਕਰਾਰ ਰੱਖਿਆ ਸੀ। ਹਾਲਾਂਕਿ, ਪਿਛਲੇ ਸਾਲ ਪੰਜ ਜਿੱਤਾਂ ਦੀ ਮਜ਼ਬੂਤ ​​ਸ਼ੁਰੂਆਤ ਦੇ ਬਾਵਜੂਦ ਅੱਠਵੇਂ ਸਥਾਨ 'ਤੇ ਰਹਿਣ ਤੋਂ ਬਾਅਦ, ਹੈਦਰਾਬਾਦ ਨੇ ਕਈ ਸਖ਼ਤ ਫੈਸਲੇ ਲਏ ਅਤੇ ਵਿਲੀਅਮਸਨ ਨੂੰ ਰਿਲੀਜ਼ ਕਰ ਦਿੱਤਾ। ਹੁਣ ਫਰੈਂਚਾਇਜ਼ੀ ਅਜਿਹੇ ਖਿਡਾਰੀ ਦੀ ਭਾਲ ਕਰ ਰਹੀ ਹੈ ਜੋ ਇਸ ਭੂਮਿਕਾ ਵਿਚ ਚੰਗੀ ਤਰ੍ਹਾਂ ਫਿੱਟ ਹੋ ਸਕੇ।

ਮਯੰਕ ਅਗਰਵਾਲ :

ਪੰਜਾਬ ਕਿੰਗਜ਼ ਨੇ ਮਯੰਕ ਅਗਰਵਾਲ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਨਿਲਾਮੀ ਤੋਂ ਪਹਿਲਾਂ ਉਸ ਖਿਡਾਰੀ ਨੂੰ ਛੱਡ ਦਿੱਤਾ ਜਿਸ ਨੂੰ ਵਿਲੀਅਮਸਨ ਦੇ ਬਰਾਬਰ 14 ਕਰੋੜ ਰੁਪਏ ਮਿਲੇ ਸਨ। ਪਰ ਉਹ ਟੀਮ ਮੈਨੇਜਮੈਂਟ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੇ। ਪਿਛਲੇ ਸੈਸ਼ਨ 'ਚ ਮਜ਼ਬੂਤ ​​ਟੀਮ ਹੋਣ ਦੇ ਬਾਵਜੂਦ ਸਾਬਕਾ ਕਪਤਾਨ ਮਯੰਕ ਅਗਰਵਾਲ ਦੀ ਟੀਮ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਰਹੀ। ਬੈਂਗਲੌਰ ਦੇ 31 ਸਾਲਾ ਖਿਡਾਰੀ ਨੇ 13 ਪਾਰੀਆਂ ਵਿਚ 16.33 ਦੀ ਔਸਤ ਨਾਲ ਸਿਰਫ਼ 196 ਦੌੜਾਂ ਹੀ ਬਣਾਈਆਂ ਸਨ।

ਨਿਕੋਲਸ ਪੂਰਨ :

ਸਨਰਾਈਜ਼ਰਜ਼ ਨੇ ਇਕ ਹੋਰ ਖਿਡਾਰੀ ਨਿਕੋਲਸ ਪੂਰਨ ਨੂੰ ਵੀ ਟੀਮ ਤੋਂ ਬਾਹਰ ਕਰ ਦਿੱਤਾ ਹੈ। ਪੂਰਨ ਨੂੰ 10.75 ਕਰੋੜ ਰੁਪਏ ਵਿਚ ਖਰੀਦਿਆ ਗਿਆ, ਜਿਸ ਨਾਲ ਉਹ 2023 ਦੀ ਨਿਲਾਮੀ ਤੋਂ ਪਹਿਲਾਂ ਰਿਲੀਜ਼ ਹੋਣ ਵਾਲਾ ਤੀਜਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਪੂਰਨ ਆਈ. ਪੀ. ਐੱਲ. ਵਿਚ ਖ਼ਰੀਦੇ ਗਏ ਵੈਸਟਇੰਡੀਜ਼ ਦੇ ਹੁਣ ਤਕ ਦੇ ਸਭ ਤੋਂ ਮਹਿੰਗੇ ਖਿਡਾਰੀ ਸਨ, ਪਰ ਉਹ ਅਸਫਲ ਸਾਬਤ ਹੋਏ।

ਜੇਸਨ ਹੋਲਡਰ :

ਲਖਨਊ ਸੁਪਰ ਜਾਇੰਟਸ ਨੇ ਜੇਸਨ ਹੋਲਡਰ ਨੂੰ ਟੀਮ ਤੋਂ ਬਾਹਰ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਟੀਮ ਨੇ ਉਨ੍ਹਾਂ ਨੂੰ ਨੂੰ 8.75 ਕਰੋੜ ਰੁਪਏ ਵਿਚ ਖਰੀਦਿਆ ਸੀ।

ਰੋਮਾਰੀਓ ਸ਼ੈਫਰਡ :

ਰੋਮਾਰੀਓ ਸ਼ੈਫਰਡ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 2022 ਦੀ ਮੇਗਾ-ਆਕਸ਼ਨ ਵਿਚ 7.75 ਕਰੋੜ ਰੁਪਏ 'ਚ ਖਰੀਦਿਆ ਸੀ। ਤੇਜ਼ ਗੇਂਦਬਾਜ਼ ਦੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਉਹ ਹੇਠਲੇ ਕ੍ਰਮ 'ਚ ਹਾਰਡ-ਹਿੱਟਰ ਬੱਲੇਬਾਜ਼ ਵੀ ਹੈ। ਹਾਲਾਂਕਿ ਇਹ ਖਿਡਾਰੀ ਹੈਦਰਾਬਾਦ ਦੀ ਟੀਮ ਲਈ ਕੁੱਝ ਖਾਸ ਨਹੀਂ ਕਰ ਸਕਿਆ, ਜਿਸ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News